ਲੁਧਿਆਣਾ: ਪੀ ਏ ਯੂ ਦੇ ਪੰਜਾਬ ਐਗਰੀ ਬਿਜ਼ਨਸ ਇਨਕੁਬੇਟਰ (ਪਾਬੀ) ਵਲੋਂ ਸਟਾਰਟ ਅਪ ਸਿਖਲਾਈ ਲੈਣ ਵਾਲੀ ਫਰਮ ਮਾਸਟਰ ਬਰੇਨ ਐਗਰੋ ਇੰਡਸਟਰੀ ਪ੍ਰਾਈਵੇਟ ਲਿਮਿਟਡ ਨੇ ਇਕ ਸੈਨੇਟਾਈਜ਼ਰ ਮਸ਼ੀਨ ਦਾ ਨਿਰਮਾਣ ਕੀਤਾ ਹੈ। ਇਸ ਫਰਮ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੈਨੇਟਾਈਜ਼ਰ ਦੇ ਛਿੜਕਾਅ ਲਈ ਸੱਤ ਮਸ਼ੀਨਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਇਸ ਫਰਮ ਦੇ ਸ਼੍ਰੀ ਗੁਰਸੇਵਕ ਸਿੰਘ ਪੀ ਏ ਯੂ ਵਿਚ ਦੋ ਮਹੀਨਿਆਂ ਦੀ ਪਾਬੀ ਸਿਖਲਾਈ ਲਈ ਚੁਣੇ ਗਏ ਸਨ। ਇਹ ਸਿਖਲਾਈ ਉਡਾਣ ਪ੍ਰਾਜੈਕਟ ਤਹਿਤ ਦਿੱਤੀ ਗਈ ਜਿਸ ਵਿਚ ਕਾਰੋਬਾਰੀ ਅਤੇ ਤਕਨੀਕੀ ਮਾਹਿਰਾਂ ਨੇ ਸਿਖਿਆਰਥੀਆਂ ਨੂੰ ਅਗਵਾਈ ਦਿੱਤੀ।
ਉਨ੍ਹਾਂ ਨੇ ਆਪਣੇ ਪਹਿਲੀ ਪਰਖ ਵਜੋਂ ਪ੍ਰਸ਼ਾਸਨ ਦੀ ਸਹਾਇਤਾ ਲਈ ਬਰਨਾਲਾ ਲਾਗਲੇ ਇਕ ਪਿੰਡ ਵਿਚ ਛਿੜਕਾਅ ਲਈ ਮਸ਼ੀਨ ਦੇ ਕੇ ਸਮਾਜਕ ਕਾਰਜ ਕੀਤਾ।
ਇਸ ਦੌਰਾਨ ਉਹ ਕਿਸਾਨ ਮੇਲਿਆਂ ਅਤੇ ਯੂਨੀਵਰਸਿਟੀ ਪ੍ਰਦਰਸ਼ਨੀਆਂ ਦੌਰਾਨ ਕਿਸਾਨਾਂ, ਵਿਗਿਆਨੀਆਂ ਅਤੇ ਖਪਤਕਾਰਾਂ ਨੂੰ ਮਿਲੇ।
ਪਾਬੀ ਦੀ ਸਮੁੱਚੀ ਟੀਮ ਜਿਸ ਵਿਚ ਨਿਰਦੇਸ਼ਕ ਪਸਾਰ ਸਿਖਿਆ ਡਾ ਜਸਕਰਨ ਸਿੰਘ ਮਾਹਲ, ਸਕਿਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ ਟੀ ਐਸ ਰਿਆੜ, ਡਾ ਪੂਨਮ ਸਚਦੇਵ, ਸ਼੍ਰੀ ਕਰਨਵੀਰ ਸਿੰਘ ਅਤੇ ਸ਼੍ਰੀ ਰਾਹੁਲ ਗੁਪਤਾ ਦੇ ਸਹਿਯੋਗ ਸਦਕਾ ਇਸ ਫਰਮ ਨੇ ਆਪਣਾ ਖੇਤੀ ਕਾਰੋਬਾਰ ਪ੍ਰਾਜੈਕਟ ਸੀ ਆਈ ਸੀ ਟੀਮ ਅੱਗੇ ਪੇਸ਼ ਕੀਤਾ, ਜਿਸ ਨੂੰ 18 ਲੱਖ ਦੀ ਆਰਥਿਕ ਇਮਦਾਦ ਸਮੇਤ ਪ੍ਰਵਾਨਗੀ ਮਿਲੀ। ਇਸ ਤੋਂ ਬਾਅਦ ਇਹ ਕਾਰੋਬਾਰੀ ਉੱਦਮੀ ਪੰਜਾਬ ਦੇ ਹੀ ਨਹੀਂ ਭਾਰਤ ਦੇ ਖੇਤੀ ਕਾਰੋਬਾਰੀਆਂ ਲਈ ਮਿਸਾਲ ਬਣਿਆ ਹੈ।
ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਪੀ ਏ ਯੂ ਸਟਾਰਟ ਅਪ ਪ੍ਰੋਗਰਾਮ ਵਲੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਦੌਰ ਵਿਚ ਸਮਾਜ ਲਈ ਦਿੱਤੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।