ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵੱਲੋਂ ਨਵਾਂ ਸ਼ਹਿਰ ਸਹਿਕਾਰੀ ਖੰਡ ਮਿੱਲ ਦੇ ਸਹਿਯੋਗ ਨਾਲ ਟਰੈਕਟਰਾਂ ਸੰਬੰਧੀ ਸੜਕ ਸੁਰੱਖਿਆ ਸਿਖਲਾਈ ਦਿੱਤੀ ਗਈ।
ਇਹ ਸਿਖਲਾਈ ਨਵਾਂ ਸ਼ਹਿਰ ਹਲਕੇ ਦੇ ਗੰਨਾ ਉਤਪਾਦਕ ਕਿਸਾਨਾਂ ਲਈ ਪ੍ਰਮੁੱਖ ਤੌਰ ‘ਤੇ ਲਗਾਈ ਗਈ ਸੀ। ਪੀ.ਏ.ਯੂ. ਦੇ ਡਾ. ਨਰੇਸ਼ ਕੁਮਾਰ ਛੁਨੇਜਾ ਨੇ ਕਿਸਾਨਾਂ ਨੂੰ ਸੁਰੱਖਿਆ ਬਾਰੇ ਜਾਣਕਾਰੀ ਦਿੰਦਿਆਂ ਟਰੈਕਟਰਾਂ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਜਾਣੂੰ ਕਰਵਾਇਆ। ਉਹਨਾਂ ਕਿਹਾ ਕਿ ਨਵੇਂ ਟਰੈਕਟਰਾਂ ਉਪਰ ਐਕਸੀਡੈਂਟ ਤੋਂ ਬਚਾਆ ਲਈ ਵਾਹਨ ਨੂੰ ਸੁਚੇਤ ਕਰਨ ਵਾਲੇ ਰਿਫਲੈਕਟਰ ਲਾਜ਼ਮੀ ਕਰ ਦਿੱਤੇ ਗਏ ਹਨ। ਇਹ ਇੱਕ ਤਰ੍ਹਾਂ ਦੇ ਰਿਫਲੈਕਟਰ ਹਨ ਜੋ ਤੇਜ਼ੀ ਨਾਲ ਆਉਂਦੇ ਹੋਰ ਵਾਹਨਾਂ ਨੂੰ ਧੁੰਦ ਦੇ ਮੌਸਮ ਦੌਰਾਨ ਸੁਚੇਤ ਕਰਦੇ ਹਨ। ਡਾ. ਛੁਨੇਜਾ ਨੇ ਦੱਸਿਆ ਕਿ ਇਹ ਯੰਤਰ ਬਹੁਤ ਸਸਤੇ ਹਨ ਅਤੇ ਸੌਖੇ ਤਰੀਕੇ ਨਾਲ ਟਰਾਲੀ ਉਪਰ ਲੱਗ ਜਾਂਦੇ ਹਨ।
ਇਸ ਤੋਂ ਇਲਾਵਾ ਟਰੈਕਟਰਾਂ ਦੇ ਸਾਹਮਣੇ ਇਹ ਰਿਫਲੈਕਟਰ ਸਟਿੱਕਰਾਂ ਦੇ ਰੂਪ ਵਿੱਚ ਚਿਪਕਾਏ ਜਾ ਸਕਦੇ ਹਨ। ਉਹਨਾਂ ਦੱਸਿਆ ਕਿ ਪੀ.ਏ.ਯੂ. ਨੇ ਟਰਾਲੀਆਂ ਨੂੰ ਰੋਕਣ ਲਈ ਹਾਈਡ੍ਰੋਲਿਕ ਅਤੇ ਪਾਵਰ ਬਰੇਕ ਵਿਕਸਿਤ ਕੀਤੀ ਹੈ ਜੋ ਗੰਨਿਆਂ ਦੀਆਂ ਟਰਾਲੀਆਂ ਤੇ ਅਸਾਨੀ ਨਾਲ ਲਗਾਈ ਜਾ ਸਕਦੀ ਹੈ।
ਮਿੱਲ ਦੇ ਗੰਨਾ ਵਿਕਾਸ ਅਫ਼ਸਰ ਡਾ. ਜੀ ਸੀ ਯਾਦਵ ਨੇ ਮਹੀਨਾਵਾਰ ਤਕਨੀਕੀ ਸਿਖਲਾਈ ਲਈ ਇੱਕ ਕੈਲੰਡਰ ਜਾਰੀ ਕੀਤਾ। ਮਿੱਲ ਦੇ ਪ੍ਰਬੰਧਕ ਡਾ. ਕੰਵਲਜੀਤ ਸਿੰਘ ਨੇ ਪੀ.ਏ.ਯੂ. ਮਾਹਿਰ ਦਾ ਇਸ ਵੱਡਮੁੱਲੀ ਜਾਣਕਾਰੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਦਾ ਲਾਭ ਕਿਸਾਨਾਂ ਨੂੰ ਜ਼ਰੂਰ ਹੋਵੇਗਾ।