ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਬਜ਼ੀ ਵਿਗਿਆਨ ਵਿਭਾਗ ਵਿੱਚ ਪੀ ਐਚਡੀ ਦੀ ਖੋਜ ਕਰ ਰਹੇ ਵਿਦਿਆਰਥੀ ਸ੍ਰੀ ਤੇਜਪਾਲ ਸਿੰਘ ਸਰਾ ਨੂੰ ਬੀਤੇ ਦਿਨੀਂ ਬਹੁਤ ਵੱਕਾਰੀ ਪ੍ਰਧਾਨ ਮੰਤਰੀ ਫੈਲੋਸ਼ਿਪ ਨਾਲ ਨਿਵਾਜ਼ਿਆ ਗਿਆ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਨਿਰਦੇਸ਼ਕ ਖੋਜ ਅਤੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਵਿਗਿਆਨ ਅਤੇ ਇੰਜਨੀਅਰਿੰਗ ਖੋਜ ਬੋਰਡ (ਐਸ ਈ ਆਰ ਬੀ) ਵੱਲੋਂ ਇਹ ਫੈਲੋਸ਼ਿਪ ਭਾਰਤੀ ਉਦਯੋਗ ਸੰਘ ਅਤੇ ਨਿੱਜੀ ਸਾਂਝੀਦਾਰ ਐਰੀਜ਼ੋਨਾ ਸੀਡਜ਼ ਪ੍ਰਾਈਵੇਟ ਲਿਮਿਟਡ ਦੇ ਸਹਿਯੋਗ ਨਾਲ ਪੀ ਐਚ ਡੀ ਦੇ ਖੋਜ ਪ੍ਰੋਗਰਾਮ ਲਈ ਚਾਰ ਸਾਲਾਂ ਵਾਸਤੇ ਦਿੱਤੀ ਜਾਂਦੀ ਹੈ।
ਡਾ. ਢੱਟ ਨੇ ਦੱਸਿਆ ਕਿ ਤੇਜਪਾਲ ਸਿੰਘ ਆਪਣੀ ਖੋਜ ਦੌਰਾਨ ਮਿਰਚਾਂ ਅਤੇ ਸ਼ਿਮਲਾ ਮਿਰਚਾਂ ਵਿੱਚ ਪੱਤਾ ਝੁਰੜ ਰੋਗ ਅਤੇ ਤਾਪ ਦੀ ਸਹਿਣ ਯੋਗਤਾ ਬਾਰੇ ਖੋਜ ਕਰਨਗੇ। ਇਹ ਖੋਜ ਸਬਜ਼ੀ ਵਿਗਿਆਨ ਵਿਭਾਗ ਦੇ ਸੀਨੀਅਰ ਸਬਜ਼ੀ ਮਾਹਿਰ ਡਾ. ਐਸ ਕੇ ਜਿੰਦਲ ਦੀ ਨਿਗਰਾਨੀ ਹੇਠ ਹੋਵੇਗੀ । ਇਸ ਖੋਜ ਰਾਹੀਂ ਸ਼ਿਮਲਾ ਮਿਰਚ ਦਾ ਉਤਪਾਦਨ ਅਤੇ ਉਸ ਹੇਠ ਰਕਬਾ ਵਧਾਉਣ ਵਿੱਚ ਸਹਾਇਤਾ ਮਿਲੇਗੀ ਜਿਸ ਨਾਲ ਇਸ ਸਬਜ਼ੀ ਦੀ ਫ਼ਸਲ ਦਾ ਕਾਸ਼ਤ ਅਰਸਾ ਵਧਾ ਕੇ ਛੋਟੇ ਕਿਸਾਨਾਂ ਲਈ ਲਾਭਕਾਰੀ ਸਿੱਟੇ ਸਾਹਮਣੇ ਆਉਣਗੇ।
ਤੇਜਪਾਲ ਸਿੰਘ ਸਰ•ਾਂ ਦੀ ਇਸ ਪ੍ਰਾਪਤੀ ਲਈ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਪਦਮਸ਼੍ਰੀ ਐਵਾਰਡੀ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਉਸ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਕਿਸਾਨਾਂ ਲਈ ਲਾਭਕਾਰੀ ਖੋਜ ਕਰਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ।