ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਚ ਸਥਿਤ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਬੀਤੇ ਦਿਨੀਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਖੁੰਬਾਂ ਦੀ ਕਾਸ਼ਤ ਲਈ ਦੋ ਦਿਨਾਂ ਆਨਲਾਈਨ ਖੇਤੀ ਸਿਖਲਾਈ ਦਿੱਤੀ। ਕੁੱਲ ਮਿਲਾ ਕੇ 80 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਇਸ ਆਨਲਾਈਨ ਸਿਖਲਾਈ ਵਿਚ ਭਾਗ ਲਿਆ।
ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਪੀ ਏ ਯੂ ਵਲੋਂ ਪਹਿਲੀ ਵਾਰ ਆਨਲਾਈਨ ਸਿਖਲਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਕੋਰਸ ਵਿਚ ਬੀਜਣ ਤੋਂ ਲੈ ਕੇ ਪ੍ਰੋਸੈਸਿੰਗ ਤਕ ਖੁੰਬਾਂ ਦੀ ਕਾਸ਼ਤ ਦੇ ਲਗਭਗ ਸਾਰੇ ਪੱਖਾਂ ਨੂੰ ਸ਼ਾਮਿਲ ਕੀਤਾ ਗਿਆ ਸੀ।
ਸੀਨੀਅਰ ਮਾਇਕਰੋਬਾਇਓਲੋਜਿਸਟ ਡਾ ਐੱਚ ਐੱਸ ਸੋਢੀ ਨੇ ਖੁੰਬਾਂ ਦੀ ਖੇਤੀ ਦੇ ਪ੍ਰਮੁੱਖ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ। ਇਸ ਤੋਂ ਇਲਾਵਾ ਮਾਈਕਰੋਬਾਇਓਲੋਜੀ ਵਿਭਾਗ ਦੇ ਮਾਹਿਰਾਂ ਡਾ ਸ਼ਿਵਾਨੀ ਸ਼ਰਮਾ ਅਤੇ ਡਾ ਗਗਨਦੀਪ ਕੌਰ ਨੇ ਮਿਲਕੀ ਅਤੇ ਪੈਡੀ ਖੁੰਬਾਂ ਦੀ ਕਾਸ਼ਤ ਬਾਰੇ ਚਾਨਣਾ ਪਾਇਆ।
ਸਕੂਲ ਆਫ ਬਿਜ਼ਨਸ ਸਟੱਡੀਜ਼ ਦੇ ਪ੍ਰੋਫੈਸਰ ਡਾ ਰਮਨਦੀਪ ਸਿੰਘ ਨੇ ਖੁੰਬਾਂ ਦੇ ਮੰਡੀਕਰਨ ਅਤੇ ਇਸ ਖੇਤਰ ਵਿਚ ਹੋਰ ਲਾਭ ਲੈਣ ਦੇ ਨੁਕਤੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ।
ਇਸ ਕੋਰਸ ਦੇ ਕੋਆਰਡੀਨੇਟਰ ਡਾ ਲਵਲੀਸ਼ ਗਰਗ ਨੇ ਸਿਖਲਾਈ ਦੇ ਮਹੱਤਵ ਉੱਪਰ ਚਾਨਣਾ ਪਾਇਆ। ਨਾਲ ਹੀ ਕਿਸਾਨਾਂ ਨੂੰ ਭਵਿੱਖ ਵਿਚ ਆਨਲਾਈਨ ਸਿਖਲਾਈਆਂ ਬਾਰੇ ਦੱਸਿਆ ਗਿਆ। 22 ਮਈ ਤਕ ਦੁੱਧ ਉਤਪਾਦਕਾਂ ਲਈ ਲਾਏ ਜਾ ਰਹੇ ਕੋਰਸ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਿਖਲਾਈ ਵਿਚ ਭਾਗ ਲੈਣ ਦੇ ਚਾਹਵਾਨ ਕਿਸਾਨ ਯੂਨੀਵਰਸਿਟੀ ਦੀ ਵੈੱਬਸਾਈਟ www.pau.edu ‘ਤੇ ਜਾ ਕੇ ਦਾਖਲੇ ਦੇ ਫਾਰਮ ਭਰ ਸਕਦੇ ਹਨ।