ਪੀ ਏ ਯੂ ਸੰਸਾਰ ਦੀਆਂ ਸਰਵੋਤਮ ਖੇਤੀ ਯੂਨੀਵਰਸਿਟੀਆਂ ਵਿਚ ਹੋਈ ਸ਼ਾਮਿਲ

TeamGlobalPunjab
3 Min Read

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੂੰ ਸੰਸਾਰ ਦੀਆਂ ਸਰਵੋਤਮ ਖੇਤੀ ਯੂਨੀਵਰਸਿਟੀਆਂ ਵਿਚ ਸ਼ਾਮਿਲ ਹੋਣ ਦਾ ਮਾਣ ਮਿਲਿਆ ਹੈ। ਇਹ ਜਾਣਕਾਰੀ ਯੂ ਐੱਸ ਨਿਊਜ਼ ਬੈਸਟ ਗਲੋਬਲ ਯੂਨੀਵਰਸਿਟੀਜ਼ ਰੈੰਕਿੰਗ 2020ਅਨੁਸਾਰ ਸਾਮ੍ਹਣੇ ਆਈ ਹੈ। 192ਵੇਂ ਦਰਜੇ ਨਾਲ ਪੀ ਏ ਯੂ ਭਾਰਤ ਦੀ ਇੱਕੋ-ਇੱਕ ਖੇਤੀ ਯੂਨੀਵਰਸਿਟੀ ਹੈ ਜਿਸਨੂੰ ਇਸ ਸਰਵੇਅ ਵਿਚ ਸ਼ਾਮਿਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਸਰਵੇਖਣ 28 ਪ੍ਰਮੁੱਖ ਅਕਾਦਮਿਕ ਖੇਤਰਾਂ ਲਈ ਕੀਤੇ ਜਾਂਦੇ ਹਨ ਜਿਸ ਲਈ ਵੈੱਬ ਆਫ ਸਾਇੰਸ ਦੇ ਪੰਜ ਸਾਲ ਦੇ ਅੰਕੜਿਆਂ ਨੂੰ ਆਧਾਰ ਬਣਾਇਆ ਜਾਂਦਾ ਹੈ।

ਇਸ ਸਰਵੇਖਣ ਲਈ ਵੀ ਵੈੱਬ ਆਫ ਸਾਇੰਸ ਦੇ 2013-2017 ਅੰਕੜਿਆਂ ਨੂੰ ਆਧਾਰ ਬਣਾ ਕੇ ਸੰਸਾਰ ਦੀਆਂ ਯੂਨੀਵਰਸਿਟੀਆਂ ਦੀ ਦਰਜਾਬੰਦੀ ਕੀਤੀ ਗਈ ਹੈ। ਇਹ ਵੀ ਧਿਆਨਯੋਗ ਹੈ ਕਿ ਵੈੱਬ ਆਫ ਸਾਇੰਸ ਵੈੱਬਸਾਈਟ ਆਧਾਰਿਤ ਖੋਜ ਦਾ ਮੰਚ ਹੈ ਜੋ ਪੂਰੀ ਦੁਨੀਆ ਵਿਚ ਵਿਗਿਆਨ ਅਤੇ ਸਮਾਜਿਕ ਵਿਗਿਆਨਾਂ, ਆਰਟਸ ਅਤੇ ਹਿਊਮੈਨਟੀਜ਼ ਦੇ ਖੇਤਰ ਵਿਚ ਸਭ ਤੋਂ ਵਧੇਰੇ ਪ੍ਰਭਾਵੀ ਅਤੇ ਨਾਮਵਰ 18 ਹਜ਼ਾਰ ਤੋਂ ਵਧੇਰੇ ਖੋਜ ਪੱਤਰਾਂ ਉੱਪਰ ਆਪਣੀ ਟੇਕ ਰੱਖਦਾ ਹੈ। ਇਸ ਤਰ੍ਹਾਂ ਇਨ੍ਹਾਂ ਸਾਰੇ ਪੱਤਰਾਂ ਤੋਂ ਆਉਣ ਵਾਲੇ ਅੰਕੜਿਆਂ ਦੀ ਤਾਜ਼ਾ ਜਾਣਕਾਰੀ ਨੂੰ ਸਰਵੇਖਣ ਹਿਤ ਵਰਤਿਆ ਗਿਆ ਹੈ। 2020 ਦੀ ਦਰਜਾਬੰਦੀ ਲਈ 2 ਜੂਨ 2019 ਤਕ ਦੀ ਜਾਣਕਾਰੀ ਨੂੰ ਆਧਾਰ ਬਣਾਇਆ ਗਿਆ ਹੈ।

ਖੇਤੀ ਖੇਤਰ ਦੀ ਦਰਜਾਬੰਦੀ ਲਈ ਇਸ ਪੱਖ ਨਾਲ ਸੰਬੰਧਿਤ ਵਿਸ਼ਿਆਂ ਦਾ ਵਿਸਥਾਰ ਧਿਆਨ ਵਿਚ ਰੱਖਿਆ ਗਿਆ ਹੈ ਕਿ ਕਿਵੇਂ ਮਨੁੱਖਾਂ ਨੇ ਆਪਣੇ ਹਿੱਤਾਂ ਲਈ ਕੁਦਰਤੀ ਸਰੋਤਾਂ ਦੀ ਵਰਤੋਂ ਅਤੇ ਵਿਕਾਸ ਕੀਤਾ ਹੈ। ਬਾਗਬਾਨੀ, ਭੋਜਨ ਵਿਗਿਆਨ, ਪੋਸ਼ਕਤਾ, ਡੇਅਰੀ ਵਿਗਿਆਨ ਅਤੇ ਫਸਲ ਵਿਗਿਆਨ ਵਰਗੇ ਵਿਸ਼ੇ ਇਸ ਖੇਤਰਵਿਚ ਸ਼ਾਮਿਲ ਕੀਤੇ ਜਾਂਦੇ ਹਨ। ਖੇਤੀ ਖੇਤਰ ਵਿਚ ਵਿਸ਼ਵ ਦੀਆਂ ਸਰਵੋਤਮ ਯੂਨੀਵਰਸਿਟੀਆਂ ਦੀ ਚੋਣ ਸਮੇਂ ਉਨ੍ਹਾਂ ਦੇ ਖੇਤਰ ਵਿਚ ਖੋਜ ਅਤੇ ਵੱਕਾਰ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ।

ਪੀ ਏ ਯੂ ਦੇ ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ ਗੁਰਿੰਦਰ ਕੌਰ ਸਾਂਘਾਂ ਨੇ ਦੱਸਿਆ ਕਿ ਬਰਤਾਨੀਆ ਦੀ ਆਕਸਫੋਰਡ ਅਕਾਦਮਿਕ ਯੂਨੀਅਨ ਵੀ ਵਿਗਿਆਨ ਅਤੇ ਅਕਾਦਮਿਕ ਖੇਤਰ ਵਿਚ ਸ਼ਾਨਦਾਰ ਕਾਰਗੁਜ਼ਾਰੀ ਲਈ ਦਰਜਾਬੰਦੀ ਕਰਦੀ ਹੈ। 2020 ਲਈ ਹੋ ਰਹੀ ਅਜਿਹੀ ਦਰਜਾਬੰਦੀ ਲਈ ਵੀ ਪੀ ਏ ਯੂ ਨੂੰ ਪਹਿਲੀਆਂ 100 ਸੰਸਥਾਵਾਂ ਵਿਚ ਨਾਮਜ਼ਦ ਹੋਣ ਦਾ ਮਾਣ ਮਿਲਿਆ ਹੈ।

ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਪਦਮਸ਼੍ਰੀ ਐਵਾਰਡੀ ਨੇ ਇਸ ਪ੍ਰਾਪਤੀ ਲਈ ਆਪਣੀ ਖੁਸ਼ੀ ਅਤੇ ਮਾਣ ਦਾ ਇਜ਼ਹਾਰ ਕਰਦਿਆਂ ਸਮੁੱਚੇ ਅਮਲੇ ਅਤੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਰਮਚਾਰੀਆਂ ਨੂੰ ਕਿਹਾ ਕਿ ਭਵਿੱਖ ਵਿਚ ਹੋਰ ਹੌਸਲੇ ਅਤੇ ਸਮਰਪਣ ਨਾਲ ਮਿਹਨਤ ਲਈ ਤਿਆਰ ਰਹਿਣ ਤਾਂ ਜੋ ਖੇਤੀ ਖੇਤਰ ਵਿਚ ਪੀ ਏ ਯੂ ਨੂੰ ਹੋਰ ਬੁਲੰਦੀਆਂ ਉੱਪਰ ਲਿਜਾਇਆ ਜਾ ਸਕੇ।

Share This Article
Leave a Comment