ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਦੇ ਵਿਹੜੇ ‘ਚ ਹੋਈ 57ਵੀਂ ਅਲੂਮਨੀ ਮੀਟ

TeamGlobalPunjab
6 Min Read

ਲੁਧਿਆਣਾ: ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਦੀ 57ਵੀਂ ਅਲੂਮਨੀ ਮੀਟ ਵੀਰਵਾਰ ਨੂੰ ਧੂਮਧਾਮ ਨਾਲ ਹੋਈ। ਇਸ ਵਿੱਚ ਦੇਸ਼ ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਸਾਬਕਾ ਵਿਦਿਆਰਥੀ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਲਈ ਸ਼ਾਮਿਲ ਹੋਏ। ਇਸ ਮਿਲਣੀ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸਭ ਤੋਂ ਵਡੇਰੀ ਉਮਰ ਦੇ ਸਾਬਕਾ ਵਿਦਿਆਰਥੀ ਵਿੰਗ ਕਮਾਂਡਰ ਜੇ ਐਸ ਗਿੱਲ ਸ਼ਾਮਿਲ ਹੋਏ।

ਇਸ ਮਿਲਣੀ ਦੇ ਮੁੱਖ ਮਹਿਮਾਨ ਪ੍ਰਸਿੱਧ ਅਰਥ ਸਾਸ਼ਤਰੀ ਡਾ. ਸਰਦਾਰਾ ਸਿੰਘ ਜੌਹਲ ਸਨ। ਕੈਨੇਡਾ ਦੇ ਵਿਨੀਪੈਗ ਤੋਂ ਸੰਸਦ ਮੈਂਬਰ ਚੁਣੇ ਗਏ ਕਾਲਜ ਦੇ ਸਾਬਕਾ ਵਿਦਿਆਰਥੀ ਡਾ.ਦਲਜੀਤਪਾਲ ਸਿੰਘ ਦੀ ਮੌਜੂਦਗੀ ਵਿਸ਼ੇਸ਼ ਆਕਰਸ਼ਣ ਵਾਲੀ ਸੀ ਜਦਕਿ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ.ਬਲਦੇਵ ਸਿੰਘ ਢਿੱਲੋਂ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ.ਐਸ ਐਸ ਕੁੱਕਲ ਵੀ ਪ੍ਰਧਾਨਗੀ ਮੰਡਲ ਵਿੱਚ ਮੌਜੂਦ ਸਨ।

ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ.ਕ੍ਰਿਪਾਲ ਸਿੰਘ ਔਲਖ, ਡਾ.ਸਰਦਾਰਾ ਸਿੰਘ ਜੌਹਲ, ਡਾ.ਮਨਜੀਤ ਸਿੰਘ ਕੰਗ ਅਤੇ ਮੌਜੂਦਾ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਅਲੂਮਨੀ ਮੀਟ ਨੂੰ ਯਾਦਗਾਰ ਬਨਾਉਣ ਲਈ ਗੁਬਾਰੇ ਅਸਮਾਨ ਵਿੱਚ ਛੱਡੇ। ਮੀਟ ਦੇ ਆਰੰਭ ਵਿੱਚ ਪਿਛਲੇ ਇਕ ਸਾਲ ਦੌਰਾਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਕਾਲਜ ਦੇ ਸਾਬਕਾ ਵਿਦਿਆਰਥੀਆਂ ਡਾ.ਖੇਮ ਸਿੰਘ ਗਿੱਲ, ਡਾ. ਦੇਵਰਾਜ ਭੂੰਬਲਾ, ਡਾ. ਜਗਜੀਤ ਸਿੰਘ ਜਵੰਦਾ, ਡਾ.ਡੀ ਐਸ ਬੈਂਸ, ਡਾ.ਕੇ. ਐਸ ਬਰਾੜ, ਡਾ.ਜੇ ਐਸ ਭੱਲਾ, ਡਾ.ਆਰ ਐਸ ਗਰਚਾ, ਡਾ.ਅਜੀਤ ਸਿੰਘ ਅਤੇ ਡਾ.ਅਸ਼ਵਨੀ ਕੁਮਾਰ ਦੀ ਆਤਮਕ ਸ਼ਾਤੀ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ।

- Advertisement -

ਡਾ. ਸਰਦਾਰਾ ਸਿੰਘ ਜੌਹਲ ਨੇ ਆਪਣੇ ਭਾਸ਼ਣ ਵਿੱਚ ਦੇਸ਼-ਵਿਦੇਸ਼ ਤੋਂ ਇਸ ਅਲੂਮਨੀ ਮੀਟ ਵਿੱਚ ਪਹੁੰਚੇ ਸਾਬਕਾ ਵਿਦਿਆਰਥੀਆਂ ਨੂੰ ਇਸ ਮਾਣਮੱਤੀ ਸੰਸਥਾ ਨਾਲ ਜੁੜੇ ਹੋਣ ਨੂੰ ਮਾਣਮੱਤਾ ਦਸਦਿਆਂ ਕਿਹਾ ਕਿ ਪੀ.ਏ.ਯੂ. ਦਾ ਪੂਰੀ ਦੁਨੀਆਂ ਵਿੱਚ ਨਾਂ ਹੈ ਅਤੇ ਇਸ ਦੇ ਵਿਦਿਆਰਥੀਆਂ ਨੂੰ ਬਹੁਤ ਸਤਿਕਾਰ ਨਾਲ ਦੇਖਿਆ ਜਾਂਦਾ ਹੈ। ਡਾ. ਜੌਹਲ ਨੇ ਪੀ.ਏ.ਯੂ. ਦੇ ਵਿਦਿਆਰਥੀ ਗੁਰਅਰਸ਼ਬੀਰ ਸਿੰਘ ਨੂੰ ਰਾਸ਼ਟਰੀ ਗਣਤੰਤਰ ਪਰੇਡ ਵਿੱਚ ਝੰਡਾ ਬਰਦਾਰੀ ਲਈ ਸ਼ਾਬਾਸ਼ ਦਿੱਤੀ ਅਤੇ ਹੋਰ ਵਿਦਿਆਰਥੀ ਨੂੰ ਉਸ ਤੋਂ ਪ੍ਰੇਰਨਾ ਲੈਣ ਲਈ ਕਿਹਾ। ਉਹਨਾਂ ਨੇ ਸਾਬਕਾ ਵਿਦਿਆਰਥੀਆਂ ਨੂੰ ਵਧੇਰੇ ਸਰਗਰਮੀ ਨਾਲ ਕਾਲਜ ਨਾਲ ਜੁੜਨ ਦੀ ਅਪੀਲ ਕਰਦਿਆਂ ਰਿਟਾਇਰ ਹੋਏ ਸਾਬਕਾ ਵਿਦਿਆਰਥੀਆਂ ਨੂੰ ਸਮਾਜ ਪ੍ਰਤੀ ਹੋਰ ਸਰਗਰਮੀ ਦੀ ਅਪੀਲ ਕੀਤੀ।

ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਮੀਟ ਵਿੱਚ ਸ਼ਾਮਿਲ ਹੋਣ ਵਾਲੇ ਸਭ ਦੋਸਤਾਂ ਨੂੰ ਆਪਣਾ ਸਮਾਂ ਦੇਣ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸਾਬਕਾ ਵਿਦਿਆਰਥੀਆਂ ਦਾ ਇੱਥੇ ਆਉਣਾ ਅਤੇ ਸਾਡੇ ਕੰਮ ਕਾਰ ਬਾਰੇ ਆਪਣੀ ਰਾਇ ਦੇਣ ਨਾਲ ਸਾਨੂੰ ਬਿਹਤਰ ਢੰਗ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। ਉਹਨਾਂ ਕਿਹਾ ਕਿ ਜੋ ਵੀ ਕੰਮ ਪੀ.ਏ.ਯੂ. ਦੇ ਵਿਗਿਆਨੀ ਅਤੇ ਵਿਦਿਆਰਥੀ ਕਰ ਰਹੇ ਹਨ ਉਸ ਵਿੱਚ ਦੇਸ਼-ਵਿਦੇਸ਼ ਵਿੱਚ ਬੈਠੇ ਸਾਬਕਾ ਵਿਦਿਆਰਥੀਆਂ ਦੀਆਂ ਸ਼ੁਭ ਕਾਮਨਾਵਾਂ ਦਾ ਵੀ ਹੱਥ ਹੈ। ਬੀਤੇ ਸਾਲਾਂ ਵਿੱਚ ਕਿਸਾਨਾਂ ਨਾਲ ਪੀ.ਏ.ਯੂ. ਦੇ ਸੰਬੰਧ ਹੋਰ ਪਕੇਰੇ ਹੋਏ ਹਨ। ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋ ਰਹੇ ਵਾਧੇ ਨੂੰ ਉਹਨਾਂ ਨੇ ਕੌਮਾਂਤਰੀ ਪੱਧਰ ਤੇ ਪੀ.ਏ.ਯੂ. ਦੇ ਕੰਮਾਂ ਨੂੰ ਮਿਲ ਰਹੀ ਮਾਨਤਾ ਦੇ ਰੂਪ ਵਿੱਚ ਪੇਸ਼ ਕਰਦਿਆਂ ਤਸੱਲੀ ਪ੍ਰਗਟਾਈ। ਵਾਈਸ ਚਾਂਸਲਰ ਨੇ ਦੇਸ਼ ਵਿਦੇਸ਼ ਵਿੱਚ ਬੈਠੇ ਸਾਬਕਾ ਵਿਦਿਆਰਥੀਆਂ ਨੂੰ ਲਗਾਤਾਰ ਪੀ.ਏ.ਯੂ. ਨਾਲ ਜੁੜੇ ਰਹਿਣ ਅਤੇ ਆਪਣੀ ਰਾਇ ਦਿੰਦੇ ਰਹਿਣ ਲਈ ਕਿਹਾ ਅਤੇ ਉਹਨਾਂ ਵੱਲੋਂ ਮਿਲਦੀ ਹਰ ਕਿਸਮ ਦੀ ਮਦਦ ਲਈ ਧੰਨਵਾਦ ਵੀ ਕੀਤਾ ।

ਆਪਣੇ-ਆਪਣੇ ਖੇਤਰ ਵਿੱਚ ਉਚੇਰੀਆਂ ਪ੍ਰਾਪਤੀਆਂ ਕਰਨ ਵਾਲੇ ਖੇਤੀਬਾੜੀ ਕਾਲਜ ਦੇ ਸਾਬਕਾ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਡਾ. ਬਲਦੇਵ ਸਿੰਘ ਢਿੱਲੋਂ, ਡਾ. ਜੀਤ ਸਿੰਘ ਸੰਧੂ, ਡਾ. ਦਲਜੀਤ ਪਾਲ ਸਿੰਘ, ਡਾ. ਪਰਵਿੰਦਰ ਕੌਸ਼ਲ, ਡਾ. ਮਾਨਵਇੰਦਰ ਸਿੰਘ ਗਿੱਲ ਅਤੇ ਡਾ. ਸੁਤੰਤਰ ਕੁਮਾਰ ਏਰੀ ਪ੍ਰਮੁੱਖ ਹਨ।

ਰਾਸ਼ਟਰੀ ਅੰਤਰਰਾਸ਼ਟਰੀ ਅਤੇ ਯੂਨੀਵਰਸਿਟੀ ਪੱਧਰ ਤੇ ਐਵਾਰਡ ਪ੍ਰਾਪਤ ਕਰਨ ਵਾਲੇ ਇਸ ਕਾਲਜ ਦੇ ਵਿਗਿਆਨੀਆਂ ਦਾ ਵੀ ਵਿਸ਼ੇਸ਼ ਸਨਮਾਨ ਹੋਇਆ ਜਿਨ•ਾਂ ਵਿੱਚ ਡਾ. ਜੀ ਐਸ ਮਾਂਗਟ, ਡਾ. ਧਰਮਿੰਦਰ ਪਾਠਕ, ਡਾ. ਏ ਐਸ ਢੱਟ, ਡਾ. ਐਨ ਐਮ ਪਸਰੀਚਾ, ਡਾ. ਓ ਪੀ ਚੌਧਰੀ, ਡਾ. ਐਸ ਐਸ ਕੁੱਕਲ, ਡਾ. ਸੰਦੀਪ ਸਿੰਘ, ਡਾ. ਵਰਿੰਦਰ ਸਰਦਾਨਾ, ਡਾ. ਠਾਕੁਰ ਸਿੰਘ, ਡਾ. ਆਰ ਕੇ ਢੱਲ, ਡਾ. ਐਸ ਕੇ ਜਿੰਦਲ, ਡਾ. ਪੂਨਮ ਸਚਦੇਵਾ, ਡਾ. ਐਸ ਐਸ ਧਾਲੀਵਾਲ ਅਤੇ ਡਾ. ਅਰਸ਼ਦੀਪ ਸਿੰਘ ਪ੍ਰਮੁੱਖ ਹਨ। ਮੱਕੀ ਅਤੇ ਗੰਨੇ ਦੀ ਖੋਜ ਸੰਬੰਧੀ ਨਾਮਣਾ ਖੱਟਣ ਵਾਲੀਆਂ ਟੀਮਾਂ ਨੂੰ ਵੀ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਖੇਤੀਬਾੜੀ ਕਾਲਜ ਦੀ ਪਰੰਪਰਾ ਅਨੁਸਾਰ ਸਵਾਗਤੀ ਨਜ਼ਮਾਂ ਪੇਸ਼ ਕੀਤੀਆਂ ਗਈਆਂ । ਇਹਨਾਂ ਵਿੱਚ ਡਾ. ਗੁਰਦੇਵ ਸਿੰਘ ਸੰਧੂ, ਡਾ. ਰਣਜੀਤ ਸਿੰਘ ਤਾਂਬੜ, ਡਾ. ਸੁਰਜੀਤ ਸਿੰਘ ਗਿੱਲ ਪ੍ਰਮੁੱਖ ਸਨ। ਇਹਨਾਂ ਹਾਸਮਈ ਵਿਅੰਗ ਕਵਿਤਾਵਾਂ ਰਾਹੀਂ ਕਵੀਆਂ ਨੇ ਯੂਨੀਵਰਸਿਟੀ ਦੀਆਂ ਵਿਕਾਸਮੁਖੀ ਗਤੀਵਿਧੀਆਂ ਦੀ ਪ੍ਰਸ਼ੰਸਾ ਵੀ ਕੀਤੀ ਅਤੇ ਹਲਕੇ ਫੁਲਕੇ ਅੰਦਾਜ਼ ਵਿੱਚ ਵਿਅੰਗਮਈ ਚੋਟ ਵੀ ਕੀਤੀ।ਪਸਾਰ ਸਿੱਖਿਆ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਕਮਲਪ੍ਰੀਤ ਕੌਰ ਨੇ ਸਵਾਗਤੀ ਕਵਿਤਾ ਪੇਸ਼ ਕੀਤੀ ।

- Advertisement -

ਖੇਤੀਬਾੜੀ ਕਾਲਜ ਦੇ ਡੀਨ ਡਾ. ਐਸ ਐਸ ਕੁੱਕਲ ਨੇ ਸਵਾਗਤੀ ਸ਼ਬਦ ਬੋਲਦਿਆਂ ਬਾਹਰੋਂ ਆਏ ਸਾਬਕਾ ਵਿਦਿਆਰਥੀਆਂ ਦਾ ਭਰਪੂਰ ਸਵਾਗਤ ਕੀਤਾ। ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਫੈਲੇ ਵਿਦਿਆਰਥੀਆਂ ਕਾਰਨ ਕਾਲਜ ਦੀ ਪਛਾਣ ਅੰਤਰਰਾਸ਼ਟਰੀ ਹੈ। ਉਹਨਾਂ ਵਿਸ਼ੇਸ਼ ਵਿਧੀਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਰਾਹੀਂ ਖੇਤੀਬਾੜੀ ਕਾਲਜ ਦੇਸ਼ ਵਿਦੇਸ਼ ਦੇ ਸਾਬਕਾ ਵਿਦਿਆਰਥੀਆਂ ਨਾਲ ਸੰਪਰਕ ਦੇ ਬਿਹਤਰ ਮੌਕੇ ਪੈਦਾ ਕਰ ਰਿਹਾ ਹੈ। ਡਾ. ਕੁੱਕਲ ਨੇ ਕਿਹਾ ਕਿ ਸਾਬਕਾ ਵਿਦਿਆਰਥੀ ਆਰਥਿਕ, ਨੈਤਿਕ ਅਤੇ ਅਕਾਦਮਿਕ ਸਹਾਇਤਾ ਲਈ ਹਮੇਸ਼ਾ ਤਤਪਰ ਰਹੇ ਹਨ ਅਤੇ ਪੀ.ਏ.ਯੂ. ਨੂੰ ਇਸ ਗੱਲ ‘ਤੇ ਮਾਣ ਹੈ। ਸਾਬਕਾ ਅਤੇ ਵਰਤਮਾਨ ਵਿਦਿਆਰਥੀਆਂ ਵਿਚਕਾਰ ਸੰਵਾਦ ਦਾ ਇਹ ਇੱਕ ਭਰਪੂਰ ਮੌਕਾ ਸੀ ਜਿਸ ਵਿੱਚ ਉਹਨਾਂ ਨਵਿਆਂ ਨੇ ਜ਼ਿੰਦਗੀ ਵਿੱਚ ਸਫ਼ਲ ਲੋਕਾਂ ਦੇ ਤਜ਼ਰਬਿਆਂ ਨੂੰ ਗੌਰ ਨਾਲ ਸੁਣਿਆ। ਇਸ ਮੀਟ ਦੇ ਸਕੱਤਰ ਡਾ. ਚਰਨਜੀਤ ਸਿੰਘ ਔਲਖ ਨੇ ਸਭ ਲਈ ਧੰਨਵਾਦ ਦੇ ਸ਼ਬਦ ਕਹੇ।

Share this Article
Leave a comment