-ਅਵਤਾਰ ਸਿੰਘ;
ਹਿੰਦੋਸਤਾਨ ਦੇ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਦਾ ਜਨਮ ਅੱਜ ਦੇ ਦਿਨ 24 ਅਕਤੂਬਰ, 1775 ਨੂੰ ਅਕਬਰ ਸ਼ਾਹ ਦੂਜੇ ਦੇ ਘਰ ਮਾਤਾ ਲਾਲਬਾਈ ਦੀ ਕੁੱਖੋਂ ਦਿੱਲੀ ਵਿਖੇ ਹੋਇਆ।
28 ਸਤੰਬਰ 1838 ਨੂੰ ਪਿਤਾ ਦੀ ਮੌਤ ਉਪਰੰਤ ਦਿੱਲੀ ਦੇ ਬਾਦਸ਼ਾਹ ਬਣੇ। ਉਹ ਉਰਦੂ ਦੇ ਪ੍ਰਸਿੱਧ ਕਵੀ ਤੇ ਦੇਸ਼ ਭਗਤ ਵੀ ਸਨ।1857 ਵਿੱਚ ਅੰਗਰੇਜ਼ਾਂ ਖਿਲਾਫ ਬਗਾਵਤ ਸ਼ੁਰੂ ਹੋਈ ਤਾਂ ਸਾਰੇ ਵਿਦਰੋਹੀ ਰਾਜੇ ਮਹਾਰਾਜਿਆਂ ਨੇ ਬਾਦਸ਼ਾਹ ਦੀ ਅਗਵਾਈ ਹੇਠ ਸਰਕਾਰ ਖਿਲਾਫ ਇੱਟ ਨਾਲ ਇੱਟ ਖੜਕਾ ਦਿੱਤੀ।
ਅੰਗਰੇਜ਼ਾਂ ਨੇ ਧੋਖੇ ਤੇ ਦੋਗਲੀ ਨੀਤੀ ਨਾਲ ਇਸ ਅੰਦੋਲਨ ਨੂੰ ਦਬਾਅ ਦਿੱਤਾ। ਜਦੋਂ ਉਨ੍ਹਾਂ ਆਪਣੇ ਪੁੱਤਰ ਮਿਰਜ਼ਾ ਖਿਜਰ ਤੇ ਪੋਤਰੇ ਅਬੂ ਬਕਰ ਨਾਲ ਹਮਾਯੂੰ ਦੇ ਮਕਬਰੇ ਵਿੱਚ ਸ਼ਰਨ ਲਈ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਬੇਹੱਦ ਜ਼ੁਲਮ ਕੀਤਾ।
ਕਿਹਾ ਜਾਂਦਾ ਹੈ ਜਦੋਂ ਬਹਾਦਰ ਸ਼ਾਹ ਜਫ਼ਰ ਨੂੰ ਭੁੱਖ ਲੱਗੀ ਤਾਂ ਗੋਰੇ ਅੰਗਰੇਜ਼ਾਂ ਨੇ ਜਫ਼ਰ ਦੇ ਪੁੱਤਰ ਦਾ ਸਿਰ ਕਲਮ ਕਰਕੇ ਥਾਲੀ ਵਿੱਚ ਪਾ ਕੇ ਭੋਜਨ ਦੇ ਰੂਪ ਵਿੱਚ ਉਸ ਅੱਗੇ ਕਰ ਦਿੱਤਾ, ਪਰ ਉਹ ਅਡੋਲ ਰਿਹਾ।
ਫਿਰ ਉਸਨੂੰ ਰੰਗੂਨ ਦੀ ਜੇਲ ‘ਚ ਭੇਜ ਦਿੱਤਾ, ਪਰ ਉਨ੍ਹਾਂ ਆਪਣੀ ਜਾਨ ਦੀ ਸਲਾਮਤੀ ਲਈ ਕੋਈ ਸਮਝੌਤਾ ਨਾ ਕੀਤਾ ਤੇ ਸਗੋਂ ਚੇਤਾਵਨੀ ਦਿੰਦੇ ਹੋਏ ਕਿਹਾ, “ਹਿੰਦੀਉ ਮੇਂ ਬੂ ਰਹੇਗੀ ਜਬ ਤਲਕ ਈਮਾਨ ਕੀ, ਤਖਤ-ਏ-ਲੰਦਨ ਤੱਕ ਚਲੇਗੀ ਤੇਗ ਹਿੰਦੋਸਤਾਨ ਕੀ।”
ਜਦੋਂ ਉਹ ਆਪਣੀ ਜਿੰਦਗੀ ਦੇ ਆਖਰੀ ਦੌਰ ਵਿੱਚ ਸਨ ਤਾਂ ਉਨਾਂ ਆਪਣੇ ਪਿਆਰੇ ਵਤਨ ਦੀ ਯਾਦ ਵਿੱਚ ਤੜਫਦਿਆਂ ਕਿਹਾ ਕਿ – ਕਿਤਨਾ ਹੈ ਬਦਨਸੀਬ ਜਫ਼ਰ ਕੇ ਲੀਏ, “ਦੋ ਗਜ਼ ਜਮੀਨ ਵੀ ਨਾ ਮਿਲੀ ਕੂਏ ਯਾਰ ਮੇਂ।”
ਹਿੰਦੋਸਤਾਨ ਵਿੱਚ ਦਫਨਾਉਣ ਦਾ ਅਧੂਰਾ ਸੁਫਨਾ ਲੈ ਕੇ ਉਹ 7 ਨਵੰਬਰ 1862 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਤੇ ਉਨ੍ਹਾਂ ਨੂੰ ਰੰਗੂਨ ਦੇ ਸ਼ਵੇਡਾਗੋਨ ਪੋਗੋਡਾ ਦੇ ਨੇੜੇ ਦਫਨਾ ਦਿੱਤਾ ਗਿਆ, ਉਥੇ ਉਨ੍ਹਾਂ ਨੂੰ ਸੰਤ ਬਾਦਸ਼ਾਹ ਕਿਹਾ ਜਾਂਦਾ ਹੈ। ਉਨ੍ਹਾਂ ਦੀ ਵਤਨਪ੍ਰਸਤੀ ਅੱਜ ਵੀ ਲੋਕ ਯਾਦ ਕਰਦੇ ਹਨ।