‘ਕੈਪਟਨ ਦੀ ‘ਪੁਲਿਸ’ ਦੁਆਰਾ ਬੇਰੁਜ਼ਗਾਰ ਅਧਿਆਪਕਾਂ ‘ਤੇ ਢਾਹਿਆ ਵਹਿਸ਼ੀਆਣਾ ਕਹਿਰ ਮੰਦਭਾਗੀ ਘਟਨਾ’

TeamGlobalPunjab
2 Min Read

ਜੈਤੋ: ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਨੂੰ ਘੇਰਨ ਜਾ ਰਹੇ ਬੇਰੁਜ਼ਗਾਰ ਅਧਿਆਪਕਾਂ ਉੱਪਰ ਪੁਲਿਸ ਦੁਆਰਾ ਢਾਹਿਆ ਵਹਿਸ਼ੀਆਣਾ ਕਹਿਰ ਬਹੁਤ ਹੀ ਮੰਦਭਾਗੀ ਘਟਨਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕੀਤਾ।ਪੁਲਿਸ ਦੁਆਰਾ ਬੇਰੁਜ਼ਗਾਰ ਅਧਿਆਪਕਾਂ ਉੱਪਰ ਕੀਤੇ ਗਏ ਲਾਠੀਚਾਰਜ ਅਤੇ ਗ੍ਰਿਫਤਾਰੀਆਂ ਦਾ ਸਖਤ ਨੋਟਿਸ ਲੈਂਦਿਆਂ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਹਰ ਫਰੰਟ ਉੱਪਰ ਫੇਲ੍ਹ ਹੋ ਚੁੱਕੀ ਹੈ ਅਤੇ ਆਪਣੀਆਂ ਨਾਕਾਮੀਆਂ ਨੂੰ ਛੁਪਾੳਣ ਲਈ ਲੋਕਾਂ ਉੱਪਰ ਕਹਿਰ ਢਾਹ ਕੇ ਅਵਾਜ ਨੱਪਣਾ ਚਾਹੁੰਦੀ ਹੈ।

ਉਹਨਾਂ ਕਿਹਾ ਕਿ ਇਹ ਉਹ ਅਧਿਆਪਕ ਹਨ ਜਿੰਨ੍ਹਾਂ ਨੇ ਟੈੱਟ ਦਾ ਪੇਪਰ ਪਾਸ ਕੀਤਾ ਹੋਇਆ ਹੈ ਅਤੇ ਕੈਪਟਨ ਸਰਕਾਰ ਵੱਲ ਪਿਛਲੇ ਚਾਰ ਵਰ੍ਹਿਆਂ ਤੋਂ ‘ਉੱਠ ਦੇ ਬੁਲ੍ਹ ਦੇ ਡਿੱਗਣ’ ਵਾਂਗ ਇੰਤਜਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਨਾਲ ਘਰ-ਘਰ ਨੌਕਰੀ ਦਾ ਵਾਅਦਾ ਕਰਕੇ ਸੱਤਾ ਉੱਪਰ ਕਾਬਜ ਹੋਣ ‘ਚ ਕਾਮਯਾਬ ਹੋਈ ਸੀ, ਪਰ ਇਹ ਸਾਰੇ ਵਾਅਦੇ ਝੂਠੇ ਸਾਬਿਤ ਹੋਏ ਅਤੇ ਹੁਣ ਪੰਜਾਬ ਦੀ ਜਨਤਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੀ ਹੈ।

ਉਹਨਾਂ ਕਿਹਾ ਕਿ ਜੇਕਰ ਤੁਸੀਂ ਪੜ੍ਹੇ ਲਿਖੇ ਲੋਕਾਂ ਨੂੰ ਰੁਜਗਾਰ ਨਹੀਂ ਦੇ ਸਕਦੇ ਤਾਂ ਤੁਹਾਨੂੰ ਇਹਨਾਂ ਰਾਸ਼ਟਰ ਦੇ ਨਿਰਮਾਤਾਵਾਂ ਨੂੰ ਸੜਕਾਂ ਉੱਪਰ ਕੁੱਟਣ ਦਾ ਵੀ ਕੋਈ ਅਧਿਕਾਰ ਨਹੀਂ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਕਹਿਰ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ ਅਤੇ ਉਹ ਹਰ ਤਰ੍ਹਾਂ ਨਾਲ ਹੱਕਾਂ ਲਈ ਲੜ ਰਹੇ ਲੋਕਾਂ ਦੇ ਨਾਲ ਹੈ।

Share This Article
Leave a Comment