ਪਟਿਆਲਾ: ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਦੇ ਪਿਤਾ ਨੂੰ ਗ੍ਰਿਫਤਾਰ ਕਰਨ ਦੇ ਸੋਸ਼ਲ ਮੀਡੀਆ ਮੈਸੇਜ ਨੂੰ ਅਫ਼ਵਾਹ ਕਰਾਰ ਦਿੰਦਿਆਂ, ਐਸਐਸਪੀ ਵਿਕਰਮਜੀਤ ਦੁੱਗਲ ਨੇ ਅਜਿਹੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਵੱਲੋਂ ਅਜਿਹੀ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਗਾਇਕ ਜੱਸ ਬਾਜਵਾ ਨੂੰ ਸੰਮਣ ਕੀਤਾ ਗਿਆ ਹੈ।
ਐਸ ਐਸ ਪੀ ਦੁੱਗਲ ਨੇ ਕਿਹਾ ਕਿ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਉਰਫ਼ ਪਵਨਦੀਪ ਸਿੰਘ ਦੀ ਗਿ੍ਰਫ਼ਤਾਰੀ ਵੀ ਆਪਣੇ ਗੀਤ ‘ਜਾਨ’ ’ਚ ਪਟਿਆਲਾ ਦੀ ਕਾਨੂੰਨ ਤੇ ਵਿਵਸਥਾ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਉਣ ਅਤੇ ਲਾ-ਕਾਨੂੰਨੀ ਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਦੇ ਮਾਮਲੇ ’ਚ ਕੀਤੀ ਗਈ ਸੀ ਅਤੇ ਇਸ ਦਾ ਕਿਸਾਨ ਐਂਨਥਮ/ਸੰਘਰਸ਼, ਜਿਸ ਤਰ੍ਹਾਂ ਕਿ ਮੀਡੀਆ ਦੇ ਇੱਕ ਹਿੱਸੇ/ਸੋਸ਼ਲ ਮੀਡੀਆ ’ਤੇ ਪ੍ਰਚਾਰਿਆ ਗਿਆ, ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਉਨ੍ਹਾਂ ਅੱਗੇ ਕਿਹਾ, ‘‘ਗੀਤ ‘ਜਾਨ’ ਦੀ ‘ਕਰਿਊ’ ਖ਼ਿਲਾਫ਼ ਸਿਵਲ ਲਾਈਨਜ਼, ਪੁਲਿਸ ਸਟੇਸ਼ਨ ਪਟਿਆਲਾ ਵਿਖੇ ਮਿਤੀ 3 ਜਨਵਰੀ, 2021 ਨੂੰ ਆਪਣੇ ਭੜਕਾਹਟ ਭਰੇ ਗਾਣੇ ’ਚ ਹਿੰਸਾ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਉਤਸ਼ਾਹਿਤ ਕਰਨ ਅਤੇ ਇਸ ਤੋਂ ਅੱਗੇ ਮੁਜਰਿਮਾਂ ਅਤੇ ਗੈਂਗਸਟਰਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਨੂੰ ਨਾਭਾ ਜੇਲ੍ਹ ਤੋੜਨ ਲਈ ਉਕਸਾਉਣ ’ਤੇ ‘ਪੁਲਿਸ ਇੰਨਸਾਈਟਮੈਂਟ ਟੂ ਡਿਸਅਫੈਕਸ਼ਨ ਐਕਟ 1922’ ਦੀ ਧਾਰਾ 3, ਭਾਰਤੀ ਦੰਡ ਵਿਧਾਨ ਦੀ ਧਾਰਾ 500, 501, 502, 505, 115, 116, 120-ਬੀ ਤਹਿਤ ਪਰਚਾ ਦਰਜ ਕੀਤਾ ਗਿਆ ਸੀ।’’