ਜਦੋਂ ਪਟਿਆਲਾ ਹਾਊਸ ਕੋਰਟ ‘ਚ ਹੋਈ 13 ਤੋਤਿਆਂ ਦੀ ਪੇਸ਼ੀ, ਜਾਣੋ ਕੀ ਹੈ ਪੂਰਾ ਮਾਮਲਾ

TeamGlobalPunjab
2 Min Read

ਦਿੱਲੀ ਦੀ ਅਦਾਲਤ ਵਿੱਚ ਬੁੱਧਵਾਰ ਨੂੰ ਉਸ ਵੇਲੇ ਇੱਕ ਅਨੌਖਾ ਦ੍ਰਿਸ਼ ਦੇਖਣ ਨੂੰ ਮਿਲਿਆ ਜਦੋਂ ਪਿੰਜਰੇ ‘ਚ ਬੰਦ ਕਰ ਕੇ 13 ਤੋਤਿਆਂ ਨੂੰ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਕੀਤਾ ਗਿਆ। ਤੁਸੀ ਸੋਚ ਤਾਂ ਰਹੇ ਹੋਵੋਗੇ ਕਿ ਤੋਤਿਆਂ ਨੇ ਅਜਿਹਾ ਕੀ ਅਪਰਾਧ ਕੀਤਾ ਹੋਵੇਗਾ ਜਿਸ ਕਾਰਨ ਕੋਰਟ ‘ਚ ਉਨ੍ਹਾਂ ਦੀ ਪੇਸ਼ੀ ਹੋਈ, ਪਰ ਅਜਿਹਾ ਕੁੱਝ ਨਹੀਂ ਹੈ।

ਅਸਲ ‘ਚ ਤੋਤਿਆਂ ਨੂੰ ਅਦਾਲਤ ‘ਚ ਇੱਕ ਉਜਬੇਕ ਨਾਗਰਿਕ ਦੀ ਹਰਕਤ ਦੀ ਕਾਰਨ ਪੇਸ਼ ਕਰਨਾ ਪਿਆ। ਰਖਮਤਜੋਨੋਵ ਨਾਮ ਦੇ ਇਸ ਵਿਅਕਤੀ ਨੂੰ ਸੀਆਈਐੱਸਐੱਫ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਵੇਲੇ ਫੜਿਆ ਸੀ ਜਦੋਂ ਉਹ ਤੋਤਿਆਂ ਨੂੰ ਜੁੱਤੀਆਂ ਦੇ ਡੱਬੇ ‘ਚ ਰੱਖਕੇ ਆਪਣੇ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।

ਉਸ ਦੇ ਕੋਲੋਂ ਕਈ ਡੱਬਿਆਂ ‘ਚੋਂ ਇਹ ਸਾਰੇ ਜਿਉਂਦੇ ਤੋਤੇ ਬਰਾਮਦ ਕੀਤੇ ਗਏ। ਕਾਨੂੰਨ ਦੇ ਮੁਤਾਬਕ, ਕਿਸੇ ਕੇਸ ਨਾਲ ਸਬੰਧ ਰੱਖਣ ਵਾਲੀ ਚੀਜ ਨੂੰ ਅਦਾਲਤ ‘ਚ ਪੇਸ਼ ਕਰਨਾ ਜ਼ਰੂਰੀ ਹੁੰਦਾ ਹੈ। ਇਸ ਲਈ ਇਨ੍ਹਾਂ ਤੋਤਿਆਂ ਨੂੰ ਅਦਾਲਤ ‘ਚ ਪੇਸ਼ ਕਰਨਾ ਪਿਆ ਪਰ ਬਾਅਦ ਵਿੱਚ ਅਦਾਲਤ ਦੇ ਆਦੇਸ਼ ‘ਤੇ ਇਨ੍ਹਾਂ ਨੂੰ ਓਖਲਾ ਬਰਡ ਸੈਂਚੁਰੀ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ।

ਕਸਟਮ ਵਿਭਾਗ ਨੇ ਦੋਸ਼ੀ ਉਜਬੇਕ ਨਾਗਰਿਕ ਦੇ ਖਿਲਾਫ ਵਾਈਲਡ ਲਾਈਫ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਉੱਥੇ ਹੀ ਵਿਅਕਤੀ ਨੇ ਜ਼ਮਾਨਤ ਦੀ ਗੁਹਾਰ ਲਗਾਈ ਪਰ ਕੋਰਟ ਨੇ ਉਨ੍ਹਾਂ ਨੂੰ ਰਾਹਤ ਦੇਣ ਤੋਂ ਇਨਕਾਰ ਕਰਦੇ ਹੋਏ 30 ਅਕਤੂਬਰ ਤੱਕ ਕਾਨੂੰਨੀ ਹਿਰਾਸਤ ‘ਚ ਭੇਜ ਦਿੱਤਾ। ਸੀਆਈਐੱਸਐੱਫ ਦੀ ਪੁੱਛਗਿਛ ਦੌਰਾਨ ਉਸ ਨੇ ਦੱਸਿਆ ਸੀ ਕਿ ਇਹ ਤੋਤੇ ਉਸਨੇ ਪੁਰਾਣੀ ਦਿੱਲੀ ਤੋਂ ਖਰੀਦੇ ਸਨ ਤੇ ਉਸ ਦੇ ਦੇਸ਼ ਵਿੱਚ ਤੋਤਿਆਂ ਦੀ ਭਾਰੀ ਮੰਗ ਹੈ, ਇਸ ਲਈ ਉਹ ਇਨ੍ਹਾਂ ਨੂੰ ਉੱਥੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ।

Share This Article
Leave a Comment