ਨਿਊਜ਼ ਡੈਸਕ: ਪੰਚਾਇਤੀ ਚੌਣਾਂ ਦੌਰਾਨ ਜ਼ਿਲ੍ਹੇ ਦੇ ਹਲਕਾ ਸਨੋਰ ਦੇ ਪਿੰਡ ਖੁੱਡਾ ਵਿਖੇ ਪੈ ਰਹੀਆਂ ਵੋਟਾਂ ਦੌਰਾਨ ਬਾਹਰੀ ਵਿਅਕਤੀਆਂ ਵੱਲੋਂ ਪੋਲਿੰਗ ਬੂਥ ’ਤੇ ਕਬਜ਼ਾ ਕਰਕੇ ਬੈਲਟ ਬਾਕਸ ਲੈ ਕੇ ਭੱਜਣ ਅਤੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਮੌਕੇ ਚੱਲੀ ਗੋਲੀ ਨਾਲ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੂੰ ਜਦੋਂ ਘਟਨਾ ਦਾ ਪਤਾ ਲੱਗਿਆ ਉਹ ਮੌਕੇ ‘ਤੇ ਪਹੁੰਚੀ। ਕਾਰਵਾਈ ਕਰਦਿਆਂ ਪੁਲਿਸ ਨੂੰ ਨੇੜਲੇ ਖੇਤਾਂ ਵਿਚੋਂ ਬੈਲਟ ਬਕਸਾ ਲੱਭਿਆ। ਇਸ ਮੌਕੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਵੀ ਪਿੰਡ ਖੁੱਡਾ ਪੁੱਜੇ ’ਤੇ ਪੀੜਿਤਾਂ ਨਾਲ ਗੱਲਬਾਤ ਕੀਤੀ।
ਬਰਨਾਲਾ ਦੇ ਪਿੰਡ ਕਰਮਗੜ੍ਹ ਵਿੱਚ ਪੰਚਾਇਤੀ ਚੋਣਾਂ ਵਿੱਚ ਲੜਾਈ ਹੋਈ। ਜਿੱਥੇ ਪੰਚੀ ਦੇ ਉਮੀਦਵਾਰ ਸਮੇਤ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੇ ਵਿਰੋਧੀ ਸਰਪੰਚੀ ਦੇ ਉਮੀਦਵਾਰਾਂ ‘ਤੇ ਹਮਲੇ ਦੇ ਦੋਸ਼ ਲਾਏ ਹਨ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਸ ਮੌਕੇ ਗੱਡੀ ਦੀ ਭੰਨਤੋੜ ਵੀ ਕੀਤੀ ਗਈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਜ਼ਖ਼ਮੀ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਕਰਮਗੜ੍ਹ ਦੇ ਵਾਰਡ ਨੰਬਰ 9 ਤੋਂ ਪੰਚੀ ਦੀ ਚੋਣ ਲੜ ਰਿਹਾ ਹੈ। ਰਾਤ ਨੂੰ ਜਦੋਂ ਉਹ ਪਿੰਡ ਵਿੱਚ ਆਪਣੇ ਘਰ ਜਾ ਰਿਹਾ ਸੀ ਤਾਂ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ, ਉਸ ਦੀ ਕਾਰ ਦੀ ਭੰਨਤੋੜ ਕੀਤੀ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿ ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰ ਨੇ ਹਾਰ ਹੁੰਦੀ ਦੇਖਕੇ ਉਨ੍ਹਾਂ ਦੀ ਗੱਡੀ ‘ਤੇ 20-25 ਗੁੰਡਿਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਹ ਅਤੇ ਉਸ ਦਾ ਦੋਸਤ ਗੰਭੀਰ ਜ਼ਖ਼ਮੀ ਹੋ ਗਏ, ਦੋਵਾਂ ਦੇ ਸਿਰ ਵਿੱਚ ਸੱਟਾਂ ਲੱਗੀਆਂ।
ਜਾਂਚ ਕਰ ਰਹੇ ਪੁਲਿਸ ਅਧਿਕਾਰੀ ਹਰਵਿੰਦਰ ਪਾਲ ਨੇ ਦੱਸਿਆ ਕਿ ਗੁਰਜੰਟ ਸਿੰਘ ਵਾਸੀ ਪਿੰਡ ਕਰਮਗੜ੍ਹ ਨੂੰ ਸੱਟਾਂ ਲੱਗਣ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀ ਗੁਰਜੰਟ ਸਿੰਘ ਦੇ ਬਿਆਨ ਲੈ ਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਅੰਮ੍ਰਿਤਸਰ ਦੇ ਪਿੰਡ ਬਲੱਗਣ ਸਿੱਧੂ ‘ਚ ਵੀ ਦੋ ਧਿਰਾਂ ਭਿੜ ਗਈਆਂ । ਦੋਵਾਂ ਧਿਰਾਂ ਵੱਲੋਂ ਜੰਮ ਕੇ ਇੱਟਾਂ-ਰੋੜੇ ਵਰ੍ਹਾਏ ਗਏ। ਜਿਸ ਕਰਕੇ ਕੁੱਝ ਲੋਕ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਤਰਨਤਾਰਨ ਦੇ ਪਿੰਡ ਸੋਹਲ ਸੈਣ ਵਿੱਚ ਪੋਲਿੰਗ ਬੂਥ ਦੇ ਬਾਹਰ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ। ਗੋਲੀ ਲੱਗਣ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੋਟ ਪਾਉਣ ਲਈ ਕਤਾਰ ‘ਚ ਖੜ੍ਹੇ ਲੋਕਾਂ ਵਿਚਾਲੇ ਝਗੜਾ ਹੋ ਗਿਆ ਹੈ। ਜਿਸ ਤੋਂ ਬਾਅਦ ਇਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ।