ਇਸਲਾਮਾਬਾਦ : ਪਾਕਿਸਤਾਨ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਮਨਮੀਤ ਕੌਰ (25) ਨੇ ਪੂਰੀ ਦੁਨੀਆ ‘ਚ ਸਿੱਖ ਕੌਮ ਅਤੇ ਪੱਤਰਕਾਰ ਭਾਈਚਾਰੇ ਦਾ ਨਾਮ ਉੱਚਾ ਕੀਤਾ ਹੈ। ਮਨਮੀਤ ਕੌਰ ਦਾ ਨਾਮ ਦੁਨੀਆ ਭਰ ਦੀਆਂ 100 ਤੋਂ ਵੱਧ ਪ੍ਰਭਾਵਸ਼ਾਲੀ ਸਿੱਖ ਹਸਤੀਆਂ ਦੀ ਸ਼੍ਰੇਣੀ ‘ਚ ਸ਼ਾਮਲ ਕੀਤਾ ਗਿਆ ਹੈ। ਜਿਸ ਦੀ ਜਾਣਕਾਰੀ ਮੀਡੀਆ ਰਿਪੋਰਟਾਂ ਰਾਹੀਂ ਦਿੱਤੀ ਗਈ ਹੈ।
ਬੀਤੇ ਸ਼ਨੀਵਾਰ ਮਨਮੀਤ ਕੌਰ ਨੂੰ ਬ੍ਰਿਟੇਨ ਦੇ ‘ਦਿ ਸਿੱਖ ਗਰੁੱਪ’ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਕਿ ‘ਦਿ ਸਿੱਖ ਗਰੁੱਪ’ ਵੱਲੋਂ ਉਨ੍ਹਾਂ ਨੂੰ ਦੁਨੀਆ ਭਰ ਦੇ 30 ਸਾਲ ਤੋਂ ਘੱਟ ਉਮਰ ਦੀਆਂ 100 ਤੋਂ ਵੱਧ ਪ੍ਰਭਾਵਸ਼ਾਲੀ ਸਿੱਖ ਹਸਤੀਆਂ ‘ਚੋਂ ਇੱਕ ਸਿੱਖ ਹਸਤੀ ਦੇ ਰੂਪ ‘ਚ ਨਾਮਜ਼ਦ ਕੀਤਾ ਗਿਆ ਹੈ।
ਦੱਸ ਦਈਏ ਕਿ ‘ਦਿ ਸਿੱਖ ਗਰੁੱਪ’ ਇੱਕ ਗਲੋਬਲ ਸੰਗਠਨ ਹੈ ਜੋ ਪੂਰੀ ਦੁਨੀਆ ‘ਚੋਂ ਸਿੱਖ ਕੌਮ ਨਾਲ ਸਬੰਧਤ ਲੋਕਾਂ ਨੂੰ ਸਨਮਾਨਿਤ ਕਰਦੀ ਹੈ। ਇਹ ਉਹ ਲੋਕ ਹੁੰਦੇ ਹਨ ਜੋ ਵੱਖ-ਵੱਖ ਢੰਗਾਂ ਨਾਲ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਨ। ਮਨਮੀਤ ਕੌਰ ਪੇਸ਼ਾਵਰ ਦੀ ਰਹਿਣ ਵਾਲੀ ਹੈ। ਉਹ ਇੱਕ ਪੱਤਰਕਾਰ ਹੋਣ ਦੇ ਨਾਲ-ਨਾਲ ਇੱਕ ਸਮਾਜ ਸੇਵੀ ਵਜੋਂ ਵੀ ਕੰਮ ਕਰ ਰਹੀ ਹੈ। ਉਨ੍ਹਾਂ ਨੂੰ ਸਥਾਨਕ ਪੱਧਰ ‘ਤੇ ਘੱਟ ਗਿਣਤੀਆਂ ਅਤੇ ਔਰਤਾਂ ਦੇ ਮੁੱਦਿਆਂ ‘ਤੇ ਰੋਸ਼ਨੀ ਪਾਉਣ ਲਈ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਮਨਮੀਤ ਕੌਰ ਨੇ ਇਸ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਆਪਣੀ ਜ਼ਿੰਦਗੀ ‘ਚ ਸਖਤ ਮਿਹਨਤ ਕਰਦੇ ਹਨ, ਉਹ ਜ਼ਰੂਰ ਸਨਮਾਨਿਤ ਹੁੰਦੇ ਹਨ। ਮਨਮੀਤ ਕੌਰ ਨੇ ਕਿਹਾ ਕਿ ਇਹ ਉਸ ਲਈ ਅਤੇ ਉਸ ਦੇ ਪਰਿਵਾਰ ਲਈ ਮਾਣ ਦੀ ਗੱਲ ਹੈ ਕਿ ਉਹ ਬ੍ਰਿਟੇਨ ‘ਚ ਪਾਕਿਸਤਾਨ ਦੀ ਨੂਮਾਇੰਦਗੀ ਕਰਨਗੇ। ਮਨਮੀਤ ਕੌਰ ਨੂੰ ਇਸ ਪੁਰਸਕਾਰ ਨਾਲ ਅਗਲੇ ਸਾਲ ਬ੍ਰਿਟੇਨ ‘ਚ ਸਨਮਾਨਿਤ ਕੀਤਾ ਜਾਵੇਗਾ।