ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਦੀ ਕਿਸੇ ਵੀ “ਨਿਰਪੱਖ ਅਤੇ ਪਾਰਦਰਸ਼ੀ” ਜਾਂਚ ਵਿੱਚ ਹਿੱਸਾ ਲੈਣ ਦੀ ਗੱਲ ਕਹੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪਾਕਿਸਤਾਨ ਹਰ ਕਿਸਮ ਦੇ ਅੱਤਵਾਦ ਦੀ ਨਿੰਦਾ ਕਰਦਾ ਆਇਆ ਹੈ ਅਤੇ ਖੁਦ ਵੀ ਅੱਤਵਾਦ ਦਾ ਸ਼ਿਕਾਰ ਰਿਹਾ ਹੈ।
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਖੇਤਰ ਦੀ ਬੈਸਰਨ ਘਾਟੀ ਵਿੱਚ ਅੱਤਵਾਦੀਆਂ ਵਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਵਿੱਚ ਵਧੇਰੇ ਤੌਰ ‘ਤੇ ਸੈਲਾਨੀ ਮਾਰੇ ਗਏ। ਇਸ ਹਮਲੇ ਵਿੱਚ ਘੱਟੋ-ਘੱਟ 26 ਲੋਕ ਜਾਨ ਗੁਆ ਬੈਠੇ ਅਤੇ ਕਈ ਹੋਰ ਜਖ਼ਮੀ ਹੋਏ।
ਡਾਨ.ਕਾਮ ਦੀ ਰਿਪੋਰਟ ਮੁਤਾਬਕ, ਪਾਕਿਸਤਾਨ ਮਿਲਟਰੀ ਅਕੈਡਮੀ ਵਿੱਚ ਪਾਸਿੰਗ-ਆਊਟ ਪਰੇਡ ਦੌਰਾਨ ਸੰਬੋਧਨ ਕਰਦੇ ਹੋਏ ਸ਼ਾਹਬਾਜ਼ ਸ਼ਰੀਫ ਨੇ ਦਾਅਵਾ ਕੀਤਾ ਕਿ ਭਾਰਤ ਪਾਕਿਸਤਾਨ ਵਿਰੁੱਧ ਬਿਨਾਂ ਕਿਸੇ ਮਜਬੂਤ ਸਬੂਤ ਦੇ ਝੂਠੇ ਇਲਜ਼ਾਮ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ, ਇੱਕ ਜ਼ਿੰਮੇਵਾਰ ਦੇਸ਼ ਵਜੋਂ ਉਹ ਕਿਸੇ ਵੀ ਨਿਰਪੱਖ, ਪਾਰਦਰਸ਼ੀ ਅਤੇ ਭਰੋਸੇਯੋਗ ਜਾਂਚ ਵਿੱਚ ਭਾਗ ਲੈਣ ਲਈ ਤਿਆਰ ਹੈ।
ਕਸ਼ਮੀਰ ਸਾਡੀ ਗਰਦਨ ਦੀ ਨਾੜ
ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਕਸ਼ਮੀਰ ਦੀ ਅਹਮਿਯਤ ਨੂੰ ਉਜਾਗਰ ਕਰਦੇ ਹੋਏ, ਜਿਵੇਂ ਕਿ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਨੇ ਕਿਹਾ ਸੀ, “ਕਸ਼ਮੀਰ ਪਾਕਿਸਤਾਨ ਦੀ ਗਰਦਨ ਦੀ ਨਾੜੀ ਹੈ”।
ਉਨ੍ਹਾਂ ਇਹ ਵੀ ਦੱਸਿਆ ਕਿ ਪਾਕਿਸਤਾਨ ਨੇ ਹਮੇਸ਼ਾ ਅੱਤਵਾਦ ਦੇ ਹਰ ਰੂਪ ਦੀ ਨਿੰਦਾ ਕੀਤੀ ਹੈ ਅਤੇ ਦੁਨੀਆ ਭਰ ਵਿੱਚ ਅੱਤਵਾਦ ਵਿਰੁੱਧ ਮੋਹਰੀ ਭੂਮਿਕਾ ਨਿਭਾਈ ਹੈ। ਇਸ ਸੰਘਰਸ਼ ਵਿਚ ਪਾਕਿਸਤਾਨ ਨੇ 90,000 ਲੋਕੀ ਗੁਆਏ ਅਤੇ 600 ਬਿਲੀਅਨ ਡਾਲਰ ਤੋਂ ਵੱਧ ਦਾ ਆਰਥਿਕ ਨੁਕਸਾਨ ਝੱਲਿਆ ਹੈ।
ਭਾਰਤ-ਪਾਕਿਸਤਾਨ ਵਿਚਕਾਰ ਤਣਾਅ
ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ ਹੈ। ਭਾਰਤ ਸਰਕਾਰ ਵਲੋਂ ਪਾਕਿਸਤਾਨ ਵਿਰੁੱਧ ਕਈ ਰਣਨੀਤਕ ਅਤੇ ਕੂਟਨੀਤਿਕ ਕਦਮ ਚੁੱਕੇ ਗਏ, ਜਿਵੇਂ ਕਿ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰਨਾ, ਅਟਾਰੀ ਚੈੱਕ ਪੋਸਟ ਨੂੰ ਬੰਦ ਕਰਨਾ ਅਤੇ ਪਾਕਿਸਤਾਨੀ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਨੂੰ ਰੋਕਣਾ। ਜਵਾਬੀ ਤੌਰ ‘ਤੇ, ਪਾਕਿਸਤਾਨ ਨੇ ਸ਼ਿਮਲਾ ਸਮਝੌਤਾ ਮੁਅੱਤਲ ਕਰਨ ਅਤੇ ਭਾਰਤੀ ਉਡਾਣਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਵਰਗੇ ਐਲਾਨ ਵੀ ਕੀਤੇ ਹਨ।