ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨ ਖੇਤੀ ਕਾਨੂੰਨ ਖ਼ਿਲਾਫ਼ ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਗਣਤੰਤਰ ਦਿਵਸ ਮੌਕੇ ਦਿੱਲੀ ‘ਚ ਕਿਸਾਨ ਟਰੈਕਟਰ ਪਰੇਡ ਨੂੰ ਇਜਾਜ਼ਤ ਦਿੱਤੀ ਗਈ ਹੈ। ਜਿਸ ‘ਤੇ ਸੁਰੱਖਿਆ ਏਜੰਸੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ।
ਕਿਸਾਨ ਟਰੈਕਟਰ ਮਾਰਚ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨੂੰ ਲੈ ਕੇ ਖ਼ੁਫ਼ੀਆ ਜਾਣਕਾਰੀ ਦੇ ਨਾਲ ਇੰਟੈਲੀਜੈਂਸ ਏਜੰਸੀਆਂ ਦੀ ਨੀਂਦ ਉੱਡ ਗਈ ਹੈ। ਪੁਲਿਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਿਸਾਨਾਂ ਦੀ ਰੈਲੀ ਨੂੰ ਬਦਨਾਮ ਕਰਨ ਦੇ ਲਈ ਪਾਕਿਸਤਾਨੀ ਏਜੰਸੀ ਆਈਐੱਸਆਈ ਅਤੇ ਦੇਸ਼ ਵਿਰੋਧੀ ਸੰਗਠਨ ਵੱਡੀ ਸਾਜ਼ਿਸ਼ ਰਚ ਰਹੇ ਹਨ।
ਖੁਫੀਆ ਜਾਣਕਾਰੀ ਮਿਲੀ ਹੈ ਕਿ ਇਸ ਰੈਲੀ ‘ਚ ਭਿੰਡਰਾਂਵਾਲਾ ਦੇ ਪੋਸਟਰ ਲਗਾਉਣ ਦੀ ਸਾਜ਼ਿਸ਼ ਹੈ। ਦੂਸਰੇ ਪਾਸੇ ਦਿੱਲੀ ਵਿੱਚ ਪਾਵਰ ਕੱਟ ਲਗਾਉਣ ਦੀ ਵੀ ਇਨਪੁਟ ਮਿਲੀ ਹੈ। ਇਸ ਤੋਂ ਬਾਅਦ ਸਾਰੇ ਪਾਵਰ ਸਟੇਸ਼ਨਾਂ ਅਤੇ ਸਬ ਸਟੇਸ਼ਨਾਂ ‘ਤੇ ਪੁਲਿਸ ਨੇ ਸੁਰੱਖਿਆ ਨੂੰ ਵਧਾ ਦਿੱਤਾ ਹੈ। ਅਜਿਹੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਪੁਲਿਸ ਸਮੇਤ ਖੁਫੀਆ ਏਜੰਸੀਆਂ ਹਾਈ ਅਲਰਟ ‘ਤੇ ਹਨ। ਕਿਸਾਨ ਜਥੇਬੰਦੀਆਂ ਨੂੰ ਵੀ ਅਲਰਟ ਰਹਿਣ ਲਈ ਹਦਾਇਤ ਦਿੱਤੀ ਹੈ।
ਇੰਟੈਲੀਜੈਂਸ ਏਜੰਸੀ ਨੇ ਇਕ ਹੋਰ ਜਾਣਕਾਰੀ ਦਿੱਤੀ ਹੈ ਕਿ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਦੂਸਰੇ ਪਾਸੇ ਭਾਰਤ ਵਿੱਚ ਕਈ ਲੋਕਾਂ ਨੂੰ ਇਸ ਸੰਗਠਨ ਨਾਲ ਸਬੰਧਤ ਫੋਨ ਵੀ ਆ ਰਹੇ ਹਨ। ਇਨ੍ਹਾਂ ਫੋਨ ਕਾਲ ਵਿਚ ਕਿਹਾ ਜਾ ਰਿਹਾ ਹੈ ਕਿ ਟਰੈਕਟਰਾਂ ‘ਤੇ ਤਿਰੰਗਾ ਨਾ ਲਗਾਇਆ ਜਾਵੇ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਵੀ ਜਾਣਕਾਰੀ ਦਿੱਤੀ ਸੀ ਕਿ ਕਿਸਾਨਾਂ ਦੀ ਪਰੇਡ ਵਿੱਚ ਗੜਬੜੀ ਫੈਲਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਜਿਸ ਤਹਿਤ ਪਾਕਿਸਤਾਨ ਨੇ 13 ਜਨਵਰੀ ਤੋਂ 17 ਜਨਵਰੀ ਵਿਚਾਲੇ 308 ਨਵੇਂ ਟਵਿੱਟਰ ਅਕਾਊਂਟ ਖੋਲ੍ਹੇ ਹਨ। ਜਿਨ੍ਹਾਂ ਦੇ ਰਾਹੀਂ ਸੋਸ਼ਲ ਮੀਡੀਆ ਤੇ ਕਿਸਾਨ ਟਰੈਕਟਰ ਪਰੇਡ ਨੂੰ ਲੈ ਕੇ ਭਾਰਤ ਦੇ ਖ਼ਿਲਾਫ਼ ਮਾਹੌਲ ਬਣਾਇਆ ਜਾ ਸਕਦਾ ਹੈ।