ਲੰਡਨ: ਪਾਕਿਸਤਾਨ ਕ੍ਰਿਕਟ ਟੀਮ ਦੇ ਮੁੱਖ ਕੋਚ ਮਿਕੀ ਆਰਥਰ ਨੇ ਦਾਅਵਾ ਕੀਤਾ ਹੈ ਕਿ ਵਰਲਡ ਕੱਪ 2019 ‘ਚ ਭਾਰਤ ਖਿਲਾਫ ਪਾਕਿਸਤਾਨ ਦੀ ਹਾਰ ਇੰਨੀ ਦਰਦਨਾਕ ਸੀ ਕਿ ਉਹ ਆਪ ਖੁਦਕੁਸ਼ੀ ਕਰਨਾ ਚਾਹੁੰਦੇ ਸਨ। 16 ਜੂਨ ਨੂੰ ਹੋਏ ਓਲਡ ਟਰੈਫਰਡ ਮੈਦਾਨ ‘ਤੇ ਹੋਏ ਮੁਕਾਬਲੇ ‘ਚ ਪਾਕਿਸਤਾਨ ਨੂੰ 89 ਦੌੜਾਂ ਨਾਲ ਮਾਤ ਦਿੱਤੀ ਸੀ।
ਇਸ ਹਾਰ ਤੋਂ ਬਾਅਦ ਪਾਕਿਸਤਾਨ ਦੇ ਫੈਨਜ਼ ਬਹੁਤ ਨਿਰਾਸ਼ ਹੋਏ, ਜਿਸਦਾ ਅਸਰ ਸੋਸ਼ਲ ਮੀਡੀਆ ‘ਤੇ ਦੇਖਣ ਨੂੰ ਮਿਲਿਆ। ਫੈਨਜ਼ ਨੇ ਟਵਿਟਰ ਤੇ ਫੇਸਬੁੱਕ ਤੇ ਖਾਸੀ ਭੜਾਸ ਕੱਢੀ। ਵਿਸ਼ਵ ਕੱਪ ਇਤਿਹਾਸ ਵਿਚ ਭਾਰਤ ਖ਼ਿਲਾਫ਼ ਪਾਕਿਸਤਾਨ ਦੀ ਇਹ ਸੱਤਵੀਂ ਹਾਰ ਸੀ।
ਹਾਲਾਂਕਿ ਦੱਖਣੀ ਅਫਰੀਕਾ ਨੂੰ 49 ਦੌੜਾਂ ਨਾਲ ਮਾਤ ਦੇ ਕੇ ਪਾਕਿਸਤਾਨ ਨੇ ਟੂਰਨਾਮੈਂਟ ਵਿਚ ਦਮਦਾਰ ਵਾਪਸੀ ਕੀਤੀ। ਆਰਥਰ ਨੇ ਕਿਹਾ ਕਿ ਪਿਛਲੇ ਐਤਵਾਰ ਨੂੰ ਮੈਂ ਆਤਮਹੱਤਿਆ ਕਰਨਾ ਚਾਹੁੰਦਾ ਸੀ ਪਰ ਉਹ ਸਿਰਫ਼ ਇਕ ਹੀ ਖ਼ਰਾਬ ਪ੍ਰਦਰਸ਼ਨ ਸੀ ਇਹ ਬਹੁਤ ਜਲਦੀ ਹੋਇਆ। ਤੁਸੀਂ ਇਕ ਮੈਚ ਹਾਰਦੇ ਹੋ ਫਿਰ ਦੂਜਾ ਹਾਰਦੇ ਹੋ, ਇਹ ਵਿਸ਼ਵ ਕੱਪ ਹੈ, ਮੀਡੀਆ ਵਿਚ ਸਵਾਲ ਉੱਠਦੇ ਹਨ, ਲੋਕਾਂ ਦੀਆਂ ਉਮੀਦਾਂ ਹੁੰਦੀਆਂ ਹਨ ਤੇ ਫਿਰ ਤੁਸੀਂ ਸਿਰਫ਼ ਇਨ੍ਹਾਂ ਤੋਂ ਬਚਣਾ ਚਾਹੁੰਦੇ ਹੋ। ਅਸੀਂ ਇਹ ਸਭ ਕੁਝ ਸਹਿਣ ਕੀਤਾ ਹੈ। ਦੱਸ ਦੇਈਏ ਅੱਜ ਪਾਕਿਸਤਾਨ ਨਿਊਜ਼ੀਲੈਂਡ ਖਿਲਾਫ ‘ਕਰੋ ਜਾਂ ਮਰੋ’ ਦਾ ਮੁਕਾਬਲਾ ਖੇਡੇਗਾ।