ਮੰਗਲਵਾਰ, 22 ਅਪ੍ਰੈਲ 2025 ਨੂੰ ਦੱਖਣੀ ਕਸ਼ਮੀਰ ਦੇ ਮਸ਼ਹੂਰ ਸੈਰ ਸਪਾਟਾ ਸਥਾਨ ਪਹਿਲਗਾਮ ‘ਚ ਸੈਲਾਨੀਆਂ ਦੇ ਗਰੁੱਪ ‘ਤੇ ਅੱਤਵਾਦੀਆਂ ਵੱਲੋਂ ਭਿਆਨਕ ਹਮਲਾ ਕੀਤਾ ਗਿਆ। ਪੁਲਿਸ ਦੀ ਵਰਦੀ ਪਹਿਨ ਕੇ ਆਏ ਦੋ ਤੋਂ ਤਿੰਨ ਅੱਤਵਾਦੀਆਂ ਨੇ ਸੈਲਾਨੀਆਂ ‘ਤੇ 50 ਤੋਂ ਵੱਧ ਗੋਲੀਆਂ ਚਲਾਈਆਂ। ਸੂਤਰਾਂ ਮੁਤਾਬਕ, ਇਸ ਹਮਲੇ ‘ਚ 28 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਹਮਲੇ ਤੋਂ ਬਾਅਦ ਸਾਰੀਆਂ ਸੁਰੱਖਿਆ ਏਜੰਸੀਆਂ ਚੌਕਸੀ ‘ਤੇ ਹਨ। NIA ਦੀ ਟੀਮ 23 ਅਪ੍ਰੈਲ ਨੂੰ ਪਹਿਲਗਾਮ ਦਾ ਦੌਰਾ ਕਰ ਸਕਦੀ ਹੈ। ਇਨ੍ਹਾਂ ਹਾਲਾਤਾਂ ਵਿਚ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੁਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ, ਜੋ ਇਸ ਵੇਲੇ ਸਾਊਦੀ ਅਰਬ ਦੇ ਦੌਰੇ ‘ਤੇ ਹਨ। ਗੱਲਬਾਤ ਮਗਰੋਂ, ਗ੍ਰਹਿ ਮੰਤਰੀ ਨੇ ਐਮਰਜੈਂਸੀ ਮੀਟਿੰਗ ਬੁਲਾਈ ਅਤੇ ਸ਼੍ਰੀਨਗਰ ਲਈ ਰਵਾਨਾ ਹੋ ਗਏ।
ਪ੍ਰਧਾਨ ਮੰਤਰੀ ਮੋਦੀ ਨੇ X ‘ਤੇ ਆਪਣੀ ਭਾਵਨਾ ਸਾਂਝੀ ਕਰਦਿਆਂ ਕਿਹਾ, “ਇਸ ਘਿਨਾਉਣੇ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਕਦੇ ਵੀ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦਾ ਨਾਪਾਕ ਮਨਸੂਬਾ ਕਦੇ ਕਾਮਯਾਬ ਨਹੀਂ ਹੋਵੇਗਾ।”
ਇਹ ਹਮਲਾ ਦੁਪਹਿਰ ਕਰੀਬ 3 ਵਜੇ ਬੈਸਰਨ ਘਾਟੀ ਵਿੱਚ ਹੋਇਆ, ਜਿਸਨੂੰ ਅਕਸਰ “ਮਿੰਨੀ ਸਵਿਟਜ਼ਰਲੈਂਡ” ਵੀ ਕਿਹਾ ਜਾਂਦਾ ਹੈ। ਹਮਲੇ ਵਾਲੀ ਥਾਂ ਤੋਂ ਮਿਲੇ ਵੀਡੀਓ ਵਿੱਚ ਕਈ ਲੋਕ ਜ਼ਮੀਨ ‘ਤੇ ਲਹੂ-ਲੁਹਾਨ ਪਏ ਨਜ਼ਰ ਆ ਰਹੇ ਹਨ, ਜਦਕਿ ਕਈ ਮਹਿਲਾਵਾਂ ਰੋ ਰਹੀਆਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਖੋਜ ਕਰ ਰਹੀਆਂ ਹਨ।
ਗ੍ਰਹਿ ਮੰਤਰੀ ਨੇ ਵੀ X ‘ਤੇ ਪੋਸਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਵੱਡੇ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ ਹੈ ਅਤੇ ਉਹ ਸ਼੍ਰੀਨਗਰ ‘ਚ ਸਾਰੀਆਂ ਸੁਰੱਖਿਆ ਏਜੰਸੀਆਂ ਨਾਲ ਵਿਸਥਾਰ ‘ਚ ਮਲਾਕਾਤ ਕਰਨਗੇ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਹਮਲੇ ਨੂੰ ਹਾਲੀਆ ਸਾਲਾਂ ‘ਚ ਹੋਏ ਸਭ ਤੋਂ ਵੱਡੇ ਨਾਗਰਿਕ ਹਮਲਿਆਂ ‘ਚੋਂ ਇੱਕ ਕਰਾਰ ਦਿੱਤਾ ਹੈ।