ਪੰਜਾਬ ਵਿੱਚ ‘ਝੋਨੇ’ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ : ਭਾਰਤ ਭੂਸ਼ਨ ਆਸ਼ੂ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਦੇ ਫੂਡ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਹੈ ਕਿ ਸੂਬੇ ‘ਚ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਕੈਸ਼ ਕਰੈਡਿਟ ਲਿਮਟ ਤੇ ਬਾਰਦਾਨੇ ਦਾ ਪ੍ਰਬੰਧ ਹੋ ਚੁੱਕਾ ਹੈ। ਕੋਵਿਡ-19 ਦੇ ਨੇਮਾਂ ਖਾਤਰ ਮੰਡੀਆਂ ਦੀ ਗਿਣਤੀ ‘ਚ 1800 ਤੋਂ 4019 ਤੱਕ ਵਾਧਾ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਅਤੇ ਕਿਸਾਨਾਂ, ਮਜ਼ਦੂਰਾਂ, ਪੱਲੇਦਾਰਾ, ਆੜਤੀਆਂ, ਢੋਅ-ਢੁਆਈ ‘ਚ ਸ਼ਾਮਿਲ ਲੋਕਾਂ ਅਤੇ ਖ਼ਰੀਦ ਕਾਰਜ ਵਿੱਚ ਲੱਗੇ ਸਰਕਾਰੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਬਚਾਅ ਲਈ ਸੂਬੇ ਭਰ ਵਿਚ 4035 ਥਾਵਾਂ ਨੂੰ ਖਰੀਦ ਕੇਂਦਰ ਵਜੋਂ ਨੋਟੀਫਾਈ ਕੀਤਾ ਗਿਆ ਹੈ। ਇਨ੍ਹਾਂ ‘ਚੋਂ 1871 ਸਰਕਾਰੀ ਮੰਡੀਆਂ ਹਨ ਜਦ ਕਿ 2164 ਜਨਤਕ ਥਾਵਾਂ ਤੇ ਮਿੱਲਾਂ ਦੀਆਂ ਥਾਵਾਂ ਹਨ। ਆਸ਼ੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਏ ਗ੍ਰੇਡ ਝੋਨੇ ਦੀ ਐਮ.ਐਸ.ਪੀ. 1888 ਰੁਪਏ ਐਲਾਨੀ ਗਈ ਹੈ ।

ਖੁਰਾਕ ਮੰਤਰੀ ਨੇ ਅੱਗੇ ਕਿਹਾ ਕਿ ਖ਼ਰੀਦ ਪ੍ਰਕਿਰਿਆ ਵਿਚ ਸ਼ਾਮਿਲ ਸਾਰੇ ਲੋਕਾਂ ਨੂੰ ਸੈਨੇਟਾਈਜੇਸ਼ਨ ਸਬੰਧੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਹੱਥਾਂ ਨੂੰ ਸੈਨੇਟਾਈਜ ਕਰਨ ਲਈ ਸਬਣ, ਪਾਣੀ ਅਤੇ 70 ਫੀਸਦੀ ਅਲਕੋਹਲ ਵਾਲੇ ਹੈਂਡ ਸੈਨੇਟਾਈਜਰ ਦਾ ਵੀ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।

ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਝੋਨੇ ਦੀ ਫਸਲ ਦਾ ਦਾਣਾ-ਦਾਣਾ ਖਰੀਦੇਗੀ। ਇਕ ਟਵੀਟ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ। ਝੋਨੇ ਦੀ ਸੁਰੱਖਿਅਤ ਤੇ ਨਿਰਵਿਘਨ ਖਰੀਦ ਅੱਜ ਤੋਂ ਸ਼ੁਰੂ ਹੋ ਰਹੀ ਹੈ ਜਿਸ ਲਈ 4035 ਮੰਡੀਆਂ ਵਿਚ ਸੁਚੱਜੀ ਖਰੀਦ ਲਈ ਪੁਖ਼ਤ ਪ੍ਰਬੰਧ ਕੀਤੇ ਗਏ ਹਨ।

Share This Article
Leave a Comment