ਯਮਨ- ਯਮਨ ਦੇ ਸਾਦਾ ਸੂਬੇ ‘ਚ ਇਕ ਜੇਲ੍ਹ ‘ਤੇ ਹੋਏ ਹਵਾਈ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ 80 ਤੋਂ ਵੱਧ ਹੋ ਗਈ ਹੈ। ਜਾਣਕਾਰੀ ਮੁਤਾਬਕ ਇਕ ਸਹਾਇਤਾ ਸਮੂਹ ਨੇ ਸ਼ਨੀਵਾਰ ਨੂੰ ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਕਿ ਯਮਨ ਦੇ ਸਾਦਾ ਸੂਬੇ ‘ਚ ਸਥਿਤ ਇਕ ਜੇਲ੍ਹ ‘ਤੇ ਸਾਊਦੀ ਦੀ ਅਗਵਾਈ ਵਾਲੇ ਗਠਜੋੜ ਵਲੋਂ ਕੀਤੇ ਗਏ ਹਵਾਈ ਹਮਲੇ ‘ਚ ਘੱਟੋ-ਘੱਟ 82 ਲੋਕ ਮਾਰੇ ਗਏ ਹਨ। ਅਤੇ 266 ਲੋਕ ਜ਼ਖਮੀ ਹੋਏ ਹਨ। ਸਹਾਇਤਾ ਸਮੂਹ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਹੋ ਸਕਦੀ ਹੈ ਕਿਉਂਕਿ ਬਚਾਅ ਕਾਰਜ ਅਜੇ ਵੀ ਜਾਰੀ ਹਨ।
ਦਰਅਸਲ, ਕੁਝ ਦਿਨ ਪਹਿਲਾਂ, ਹੂਤੀ ਬਾਗੀਆਂ ਨੇ ਸੰਯੁਕਤ ਅਰਬ ਅਮੀਰਾਤ ਦੇ ਇੱਕ ਮੁੱਖ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਸੀ। ਯੂਏਈ ਦੀ ਰਾਜਧਾਨੀ ਅਬੂ ਧਾਬੀ ਦੇ ਮੁੱਖ ਹਵਾਈ ਅੱਡੇ ‘ਤੇ ਸੋਮਵਾਰ ਨੂੰ ਅੱਗ ਲੱਗ ਗਈ ਅਤੇ ਤੇਲ ਦੇ ਤਿੰਨ ਟੈਂਕਰਾਂ ਵਿੱਚ ਧਮਾਕਾ ਹੋ ਗਿਆ। ਇਸ ਵਿੱਚ ਦੋ ਭਾਰਤੀ ਨਾਗਰਿਕਾਂ ਸਮੇਤ ਤਿੰਨ ਲੋਕ ਮਾਰੇ ਗਏ ਸਨ। ਯਮਨ ਦੇ ਹੂਤੀ ਬਾਗੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜਿਸ ਤੋਂ ਬਾਅਦ ਸਾਊਦੀ ਦੀ ਅਗਵਾਈ ਵਾਲੇ ਫੌਜੀ ਗਠਜੋੜ ਨੇ ਹੂਤੀ ਬਾਗੀਆਂ ਦੁਆਰਾ ਚਲਾਏ ਜਾ ਰਹੇ ਜੇਲ੍ਹ ‘ਤੇ ਹਵਾਈ ਹਮਲੇ ਕੀਤੇ। ਇਸ ਹਵਾਈ ਹਮਲੇ ਵਿੱਚ ਹੁਣ ਤੱਕ 80 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਸਹਾਇਤਾ ਸਮੂਹ ਦੇ ਸਟਾਫ਼ ਅਨੁਸਾਰ ਇਸ ਹਮਲੇ ਵਿੱਚ ਜੇਲ੍ਹ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ।
ਦੱਸ ਦੇਈਏ ਕਿ ਯਮਨ ਵਿੱਚ ਸੰਘਰਸ਼ 2014 ਵਿੱਚ ਸ਼ੁਰੂ ਹੋਇਆ ਸੀ, ਹੂਤੀ ਬਾਗੀਆਂ ਨੇ ਰਾਜਧਾਨੀ ਸਨਾ ਅਤੇ ਉੱਤਰੀ ਯਮਨ ਦੇ ਬਹੁਤ ਸਾਰੇ ਹਿੱਸੇ ਉੱਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਸਰਕਾਰ ਦੱਖਣ ਵੱਲ ਭੱਜਣ ਲਈ ਮਜਬੂਰ ਹੋ ਗਈ। ਹਾਲਾਂਕਿ, ਇੱਕ ਯੂਐਸ ਸਮਰਥਿਤ ਸਾਊਦੀ ਦੀ ਅਗਵਾਈ ਵਾਲਾ ਗਠਜੋੜ ਮਹੀਨਿਆਂ ਬਾਅਦ ਯਮਨ ਯੁੱਧ ਵਿੱਚ ਦਾਖਲ ਹੋਇਆ। ਫਿਰ ਇਹ ਟਕਰਾਅ ਖੇਤਰੀ ਜੰਗ ਵਿੱਚ ਬਦਲ ਗਿਆ। ਜਿਸ ਵਿੱਚ ਹੁਣ ਤੱਕ ਹਜ਼ਾਰਾਂ ਨਾਗਰਿਕ ਮਾਰੇ ਜਾ ਚੁੱਕੇ ਹਨ। ਇਸ ਯੁੱਧ ਨੇ ਦੁਨੀਆ ਦਾ ਸਭ ਤੋਂ ਭਿਆਨਕ ਮਾਨਵੀ ਸੰਕਟ ਪੈਦਾ ਕੀਤਾ ਹੈ। ਅਤੇ ਯਮਨ ਵਿੱਚ ਲੱਖਾਂ ਲੋਕ ਭੋਜਨ ਅਤੇ ਡਾਕਟਰੀ ਦੇਖਭਾਲ ਲਈ ਸੰਘਰਸ਼ ਕਰ ਰਹੇ ਹਨ। ਯਮਨ ਵਿੱਚ ਚੱਲ ਰਹੀ ਜੰਗ ਨੇ ਇਸ ਦੇਸ਼ ਨੂੰ ਅਕਾਲ ਦੇ ਕੰਢੇ ਪਹੁੰਚਾ ਦਿੱਤਾ ਹੈ। ਸੰਯੁਕਤ ਰਾਸ਼ਟਰ ਨੇ ਯਮਨ ਦੀ ਸਥਿਤੀ ਨੂੰ ਦੁਨੀਆ ਦਾ ਸਭ ਤੋਂ ਭਿਆਨਕ ਮਨੁੱਖੀ ਸੰਕਟ ਦੱਸਿਆ ਹੈ।