ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਵਿਡ ਦੀ ਸਥਿਤੀ ਵਿਚ ਸੁਧਾਰ ਆਉਣ ਦੇ ਮੱਦੇਨਜ਼ਰ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਅਪੀਲ ਕੀਤੀ ਹੈ ਤਾਂ ਕਿ ਲੋਕ ਪਾਕਿਸਤਾਨ ਵਿਚ ਸਥਿਤ ਇਤਿਹਾਸਕ ਗੁਰਧਾਮ ਦੇ ਦਰਸ਼ਨ-ਦੀਦਾਰੇ ਕਰ ਸਕਣ।
ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਲਾਂਘੇ ਦੀ ਵਰਤੋਂ ਕਰਨ ਵਾਲੇ ਸ਼ਰਧਾਲੂਆਂ ਦੀ ਟੈਸਟਿੰਗ ਅਤੇ ਟੀਕਾਕਰਨ ਸਮੇਤ ਕੋਵਿਡ-19 ਦੇ ਪ੍ਰੋਟੋਕਾਲ ਦੀ ਸਹੀ ਢੰਗ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰਨ ਵਿਚ ਖੁਸ਼ੀ ਹੋਵੇਗੀ। ਉਨ੍ਹਾਂ ਨੇ ਇਸ ਸਬੰਧ ਵਿਚ ਪ੍ਰਧਾਨ ਮੰਤਰੀ ਦੇ ਹਾਂ-ਪੱਖੀ ਹੁੰਗਾਰੇ ਲਈ ਉਮੀਦ ਜ਼ਾਹਰ ਕੀਤੀ।
Chief Minister @Capt_Amarinder Singh urged Prime Minister @NarendraModi to reopen the Kartarpur Corridor, in view of the improvement in the COVID situation, to facilitate people to visit the historic shrine in Pakistan.https://t.co/UxNWqYSiFe
— CMO Punjab (@CMOPb) July 28, 2021
ਮੁੱਖ ਮੰਤਰੀ ਨੇ ਕੋਵਿਡ ਦੇ ਫੈਲਣ ਕਰਕੇ ਮਾਰਚ, 2020 ਵਿਚ ਲਾਂਘੇ ਰਾਹੀਂ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਸੀ। ਉਨ੍ਹਾਂ ਨੇ ਆਪਣੇ ਪੱਤਰ ਵਿਚ ਲਿਖਿਆ, “ਪੰਜਾਬ ਵਿਚ ਕੋਵਿਡ-19 ਦੀ ਸਥਿਤੀ ਵਿਚ ਪਿਛਲੇ ਇਕ ਮਹੀਨੇ ਤੋਂ ਕਾਫੀ ਸੁਧਾਰ ਹੋਣ ਦੇ ਸੰਕੇਤ ਸਾਹਮਣੇ ਆਏ ਹਨ ਅਤੇ ਮੈਨੂੰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਲਗਪਗ ਇਕ ਸਾਲ ਦੇ ਸਮੇਂ ਤੋਂ ਬਾਅਦ ਬੀਤੇ ਦਿਨ ਕੋਵਿਡ-19 ਨਾਲ ਸਬੰਧਤ ਮੌਤ ਨਹੀਂ ਹੋਈ।” ਉਨ੍ਹਾਂ ਕਿਹਾ ਕਿ ਬਦਲੇ ਹੋਏ ਹਾਲਾਤ ਵਿਚ ਸੁਭਾਵਿਕ ਹੈ ਕਿ ਲੋਕਾਂ ਨੇ ਕਰਤਾਰਪੁਰ ਸਾਹਿਬ ਵਿਚ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਮੁੜ ਜ਼ਾਹਰ ਕੀਤੀ ਹੈ।
ਕਰਤਾਰਪੁਰ ਲਾਂਘਾ ਖੋਲ੍ਹਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ, “ਅਸੀਂ ਭਾਗਾਂ ਵਾਲੇ ਹਾਂ ਕਿ ਨਵੰਬਰ, 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਉਤੇ ਕਰਤਾਰਪੁਰ ਲਾਂਘਾ ਖੋਲ੍ਹਿਆ ਗਿਆ ਸੀ।” ਉਨ੍ਹਾਂ ਕਿਹਾ, “ਇਹ ਲਾਂਘਾ ਖੁੱਲ੍ਹਣ ਨਾਲ ਕੌਮਾਂਤਰੀ ਸਰਹੱਦ ਤੋਂ ਕੁਝ ਦੂਰੀ ਉਤੇ ਪਾਕਿਸਤਾਨ ਵਿਚ ਸਥਿਤ ਕਰਤਾਰਪੁਰ ਵਿਖੇ ਇਤਿਹਾਸਕ ਗੁਰਦੁਆਰਾ ਦਰਬਾਰ ਸਾਹਿਬ ਦੇ ‘ਖੁੱਲ੍ਹੇ ਦਰਸ਼ਨ ਦੀਦਾਰੇ’ ਦੀ ਚਿਰੋਕਣੀ ਮੰਗ ਪੂਰੀ ਕਰਨ ਵਿਚ ਮਦਦ ਮਿਲੀ ਸੀ।”