ਓਨਟਾਰੀਓ : ਓਨਟਾਰੀਓ ਦੀਆਂ ਕਈ ਯੂਨੀਵਰਸਿਟੀਜ਼ ਵੱਲੋਂ ਅਜਿਹੇ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਅਜੇ ਤੱਕ ਆਪਣਾ ਮੁਕੰਮਲ ਟੀਕਾਕਰਣ ਨਹੀਂ ਕਰਵਾਇਆ ਹੈ। ਪ੍ਰਸ਼ਾਸਨ ਵਲੋਂ ਕਿਹਾ ਗਿਆ ਹੈ ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਆਪਣੇ ਕੋਵਿਡ-19 ਵੈਕਸੀਨੇਸ਼ਨ ਦਾ ਸਬੂਤ ਮੁਹੱਈਆ ਕਰਵਾ ਦਿੱਤਾ ਗਿਆ ਹੈ। ਉੱਥੇ ਹੀ ਜਿਹੜੇ ਹਾਲੇ ਤੱਕ ਅਜਿਹਾ ਨਹੀਂ ਕਰ ਸਕੇ ਹਨ ਉਨ੍ਹਾਂ ਨੂੰ ਯੂਨੀਵਰਸਿਟੀ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਲਾਜ਼ਮੀ ਵੈਕਸੀਨੇਸ਼ਨ ਪਾਲਿਸੀਜ਼ ਹੁਣ ਪੂਰੀ ਤਰ੍ਹਾਂ ਪ੍ਰਭਾਵੀ ਕਰ ਦਿੱਤੀ ਗਈ ਹੈ।
ਯੂਨੀਵਰਸਿਟੀ ਆਫ ਵਾਟਰਲੂ ਦੇ ਬੁਲਾਰੇ ਨੇ ਆਖਿਆ ਕਿ ਜਿਹੜੇ ਪੂਰੀ ਤਰ੍ਹਾਂ ਇਮਿਊਨਾਈਜ਼ਡ ਨਹੀਂ ਹਨ ਉਹ ਇਨ ਪਰਸਨ ਕਲਾਸਾਂ ਨਹੀਂ ਲਗਾ ਸਕਦੇ ਤੇ ਕਈ ਮਾਮਲਿਆਂ ਵਿੱਚ ਅਜਿਹੇ ਵਿਦਿਆਰਥੀ ਆਪਣੀ ਸਿੱਖਿਆ ਪੂਰੀ ਨਹੀਂ ਕਰ ਸਕਣਗੇ। ਕ੍ਰਿਸ ਵਿਲਸਨ ਸਮਿੱਥ ਨੇ ਕਿਹਾ ਕਿ ਅਜਿਹੇ ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਕੋਈ ਆਨਲਾਈਨ ਕੋਰਸ ਜਾਂ ਫਿਰ ਪਾਰਟ ਟਾਈਮ ਵਿਦਿਆਰਥੀ ਵਜੋਂ ਕਰਨੀ ਹੋਵੇਗੀ। ਯੂਨੀਵਰਸਿਟੀ ਆਫ ਵਾਟਰਲੂ ਦੇ 95 ਫੀਸਦੀ ਵਿਦਿਆਰਥੀ ਟੀਕਾਕਰਣ ਕਰਵਾ ਚੁੱਕੇ ਹਨ।
ਇਸ ਤੋਂ ਇਲਾਵਾ ਹੈਮਿਲਟਨ ਦੀ ਮੈਕਮਾਸਟਰ ਯੂਨੀਵਰਸਿਟੀ ਦੇ ਵੀ 96 ਫੀ ਸਦੀ ਵਿਦਿਆਰਥੀ ਆਪਣੀ ਮੁਕੰਮਲ ਵੈਕਸੀਨੇਸ਼ਨ ਦਾ ਸਬੂਤ ਦੇ ਚੁੱਕੇ ਹਨ। ਇਸ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਵੱਲੋਂ ਆਪਣੀ ਵੈਕਸੀਨੇਸ਼ਨ ਦਾ ਸਬੂਤ ਨਹੀਂ ਦਿੱਤਾ ਗਿਆ ਉਨ੍ਹਾਂ ਨੂੰ ਵਿੰਟਰ ਕੋਰਸਿਜ਼ ਵਿੱਚ ਦਾਖਲਾ ਨਹੀਂ ਦਿੱਤਾ ਜਾਵੇਗਾ ਤੇ ਅਗਲੇ ਸਮੈਸਟਰ ਤੱਕ ਉਹ ਕੈਂਪਸ ਵਿੱਚ ਹਿੱਸਾ ਲੈ ਸਕਣਗੇ।