ਓਨਟਾਰੀਓ : ਬੀਤੇ ਦਿਨ ਡਾਊਨਜ਼ਵਿਊ ਪਾਰਕ ਨੇੜੇ ਇੱਕ ਘਾਤਕ ਹਿੱਟ ਐਂਡ ਰੰਨ ਮਾਮਲੇ ਵਿੱਚ ਇੱਕ 17 ਸਾਲਾ ਲੜਕੀ ਦੀ ਮੌਤ ਹੋ ਗਈ ਜਦ ਕਿ ਇੱਕ ਹੋਰ 19 ਸਾਲਾ ਲੜਕੀ ਜ਼ਖਮੀ ਹੋ ਗਈ। ਪੁਲਿਸ ਨੇ ਦੱਸਿਆ ਕਿ ਇਹ ਦੋਵੇਂ ਲੜਕੀਆਂ ਰਾਤੀਂ 12:15 ਵਜੇ ਵਿਲਸਨ ਐਵਨਿਊ ਤੋਂ ਉੱਤਰ ਵੱਲ ਕੀਲੇ ਸਟਰੀਟ ਤੇ ਕੈਲਵਿੰਗਟਨ ਡਰਾਈਵ ਲਾਂਘੇ ਤੋਂ ਸੜਕ ਪਾਰ ਕਰ ਰਹੀਆਂ ਸਨ ਜਦੋਂ ਉੱਤਰ ਵੱਲ ਜਾ ਰਹੀ ਗੱਡੀ ਨੇ ਕੈਲਵਿੰਗਟਨ ਤੋਂ ਮੁੜਲ ਲੱਗਿਆਂ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੱਡੀ ਲਾਂਘੇ ਵੱਲ ਮੁੜ ਗਈ ਪਰ ਉੱਥੇ ਗੱਡੀ ਦੇ ਡਰਾਈਵਰ ਨੇ ਦੱਖਣ ਵੱਲ ਜਾ ਰਹੀ ਕਾਰ ਦੇ ਮੁੜਨ ਦੀ ਉਡੀਕ ਕੀਤੀ ਤੇ ਫਿਰ ਗੱਡੀ ਚਲਾ ਦਿੱਤੀ, ਜੋ ਕਿ ਅੱਧਾ ਰਸਤਾ ਪਾਰ ਕਰ ਚੁੱਕੀਆਂ ਲੜਕੀਆਂ ਨਾਲ ਜਾ ਟਕਰਾਈ। ਜਿਸ ਦੌਰਾਨ ਇੱਕ 17 ਸਾਲਾ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਹੋਰ 19 ਸਾਲਾ ਲੜਕੀ ਨੂੰ ਮਾਮੂਲੀ ਜ਼ਖ਼ਮੀ ਹੋਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ।
ਟਰੈਫਿਕ ਸਰਵਿਸਿਜ਼ ਅਨੁਸਾਰ ਕਾਲੇ ਰੰਗ ਦੀ ਐਸਯੂਵੀ ਦਾ ਡਰਾਈਵਰ ਹਾਦਸੇ ਤੋਂ ਬਾਅਦ ਉੱਥੇ ਨਹੀਂ ਰੁਕਿਆ ਤੇ ਗੱਡੀ ਭਜਾ ਕੇ ਲੈ ਗਿਆ। ਜਾਂਚ ਅਧਿਕਾਰੀਆਂ ਅਨੁਸਾਰ ਅਜੇ ਗੱਡੀ ਦੀ ਪਛਾਣ ਨਹੀਂ ਹੋ ਪਾਈ ਹੈ ਪਰ ਜਲਦੀ ਹੀ ਗੱਡੀ ਲੱਭ ਲਈ ਜਾਵੇਗੀ ਕਿਉਂਕਿ ਗੱਡੀ ਨੂੰ ਵੀ ਨੁਕਸਾਨ ਹੋਇਆ ਹੋਵੇਗਾ।