ਚੰਡੀਗੜ੍ਹ (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਦੀ ਅਗਵਾਈ ਵਿੱਚ ਨੌਕਰੀ ਕਰ ਰਹੇ ਸਿਖਿਆਰਥੀਆਂ ਲਈ ਦੋ ਰੋਜ਼ਾ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ। ਇਹ ਸਿਖਲਾਈ ਕੈਂਪ ਸੰਯੁਕਤ ਖੁੰਬ ਉਤਪਾਦਨ ਯੂਨਿਟ ਬਾਰੇ ਸੀ। ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਖੇਤੀ ਵਿਕਾਸ ਅਧਿਕਾਰੀ, ਬਾਗਬਾਨੀ ਵਿਕਾਸ ਅਧਿਕਾਰੀ, ਪੀ.ਏ.ਯੂ. ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਅਤੇ ਮਾਹਿਰਾਂ ਨੇ ਹਿੱਸਾ ਲਿਆ। ਉਹਨਾਂ ਇਹ ਵੀ ਦੱਸਿਆ ਕਿ ਇਸ ਕੋਰਸ ਦੀ ਰੂਪਰੇਖਾ ਸਿਖਿਆਰਥੀਆਂ ਨੂੰ ਖੁੰਬਾਂ ਦੀਆਂ ਵੱਖ-ਵੱਖ ਕਿਸਮਾਂ ਸੰਬੰਧੀ ਭਰਪੂਰ ਜਾਣਕਾਰੀ ਦੇਣ ਲਈ ਉਲੀਕੀ ਗਈ ਸੀ।
ਕੋਰਸ ਦੇ ਕੁਆਰਡੀਨੇਟਰ ਅਤੇ ਸੀਨੀਅਰ ਪਸਾਰ ਮਾਹਿਰ ਡਾ. ਕਿਰਨ ਗਰੋਵਰ ਨੇ ਸਿਖਿਆਰਥੀਆਂ ਨੂੰ ਕੋਰਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੁੰਬਾਂ ਦੀ ਕਾਸ਼ਤ ਅੱਜ ਦੇ ਸਮੇਂ ਵਿੱਚ ਸਭ ਤੋਂ ਮੁਨਾਫੇ ਵਾਲੇ ਕਿੱਤਿਆਂ ਵਿੱਚੋਂ ਇੱਕ ਹੈ । ਉਹਨਾਂ ਕਿਹਾ ਕਿ ਇਸ ਕਿੱਤੇ ਦੀ ਸ਼ੁਰੂਆਤ ਥੋੜੀ ਜਗ੍ਹਾ ਵਿੱਚ ਘੱਟ ਲਾਗਤ ਨਾਲ ਹੋ ਸਕਦੀ ਹੈ । ਇਸ ਤੋਂ ਇਲਾਵਾ ਮਸ਼ਰੂਮ ਨੂੰ ਵਿਟਾਮਿਨ ਨਾਲ ਭਰਪੂਰ ਭੋਜਨ ਵਜੋਂ ਜਾਣਿਆ ਜਾਣ ਲੱਗਾ ਹੈ ਜੋ ਰੋਗਾਂ ਨਾਲ ਲੜਨ ਦੀ ਸਮਰਥਾ ਵਿੱਚ ਵਾਧਾ ਕਰਦੀ ਹੈ ਅਤੇ ਹੱਡੀਆਂ ਦੀ ਮਜ਼ਬੂਤੀ ਪੈਦਾ ਕਰਦੀ ਹੈ। ਉਹਨਾਂ ਨੇ ਦੱਸਿਆ ਕਿ ਤੁੜਾਈ ਉਪਰੰਤ ਖੁੰਬਾਂ ਦੀ ਸਾਂਭ-ਸੰਭਾਲ ਅਤੇ ਮੁੱਲ ਵਾਧੇ ਦੀਆਂ ਤਕਨੀਕਾਂ ਅਪਨਾ ਕੇ ਇਸ ਨੂੰ ਖਾਣ ਲਈ ਤਿਆਰ ਉਤਪਾਦਾਂ ਵਿੱਚ ਪ੍ਰੋਸੈਸ ਕੀਤਾ ਜਾ ਸਕਦਾ ਹੈ।
ਇਸ ਮੌਕੇ ਕੋਰਸ ਦੇ ਤਕਨੀਕੀ ਕੁਆਰਡੀਨੇਟਰ ਡਾ. ਸ਼ਿਵਾਨੀ ਸ਼ਰਮਾ ਨੇ ਔਸਟਰ, ਸ਼ਿਟਾਕੀ, ਮਿਲਕੀ ਅਤੇ ਪਰਾਲੀ ਖੁੰਬਾਂ ਦੀ ਕਾਸ਼ਤ ਬਾਰੇ ਗੱਲ ਕੀਤੀ । ਉਹਨਾਂ ਨੇ ਖੁੰਬਾਂ ਦੇ ਪੌਸ਼ਟਿਕ ਅਤੇ ਦਵਾਈਆਂ ਪੱਖੋਂ ਮਹੱਤਵ ਦੀ ਜਾਣਕਾਰੀ ਦਿੰਦਿਆਂ ਪੰਜਾਬ ਵਿੱਚ ਖੁੰਬਾਂ ਦੀ ਕਾਸ਼ਤ ਹੋਰ ਮਕਬੂਲ ਕਰਨ ਬਾਰੇ ਸੁਝਾਅ ਦਿੱਤੇ ।
ਡਾ. ਐਚ ਐਸ ਸੋਢੀ ਨੇ ਖੁੰਬਾਂ ਦੀ ਕਾਸ਼ਤ ਲਈ ਯੂਨਿਟ ਡਿਜ਼ਾਇਨ ਕਰਨ ਵੱਖ-ਵੱਖ ਪੱਖਾਂ ਉਪਰ ਰੋਸ਼ਨੀ ਪਾਈ। ਉਹਨਾਂ ਨੇ ਖੁੰਬਾਂ ਦੀ ਕਾਸ਼ਤ ਲਈ ਪਰਾਲੀ ਦੀ ਵਰਤੋਂ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ । ਅੰਤ ਵਿੱਚ ਡਾ. ਕਿਰਨ ਗਰੋਵਰ ਨੇ ਧੰਨਵਾਦ ਦੇ ਸ਼ਬਦ ਕਹਿੰਦਿਆਂ ਵੱਧ ਤੋਂ ਵੱਧ ਕਿਸਾਨਾਂ, ਕਿਸਾਨ ਬੀਬੀਆਂ ਅਤੇ ਪਿੰਡਾਂ ਦੇ ਨੌਜਵਾਨਾਂ ਨੂੰ ਖੇਤੀ ਕਾਰੋਬਾਰ ਤਰੀਕੇ ਅਪਨਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਪ੍ਰੇਰਿਤ ਕੀਤਾ।