ਪੀ ਏ ਯੂ ਵਿੱਚ ਕੋਵਿਡ-19 ਤੋਂ ਸੁਰੱਖਿਆ ਦੇ ਮੱਦੇ-ਨਜ਼ਰ ਹੋਈ ਆਨਲਾਈਨ ਮੀਟਿੰਗ

TeamGlobalPunjab
2 Min Read

ਲੁਧਿਆਣਾ (ਅਵਤਾਰ ਸਿੰਘ) : ਪੀ ਏ ਯੂ ਵਿਚ ਕੋਵਿਡ-19 ਤੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇਕ ਆਨਲਾਈਨ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਕੀਤੀ। ਮੀਟਿੰਗ ਵਿਚ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਨੁਮਾਇੰਦਿਆਂ ਤੋਂ ਬਿਨਾਂ ਯੂਨੀਵਰਸਿਟੀ ਦੇ ਹੋਰ ਵਿਗਿਆਨੀਆਂ ਸਮੇਤ 35 ਦੇ ਕਰੀਬ ਅਧਿਕਾਰੀ ਸ਼ਾਮਿਲ ਹੋਏ। ਆਨਲਾਈਨ ਹੋਈ ਇਸ ਮੀਟਿੰਗ ਰਾਹੀਂ ਡਾ ਮਾਹਲ ਨੇ ਯੂਨੀਵਰਸਿਟੀ ਦੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਵਿਚ ਕੋਵਿਡ-19 ਦੇ ਖਤਰੇ ਦੇ ਮੱਦੇ-ਨਜ਼ਰ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ।

ਡਾ. ਮਾਹਲ ਨੇ ਸਮੂਹ ਅਧਿਕਾਰੀਆਂ ਦੀ ਹਾੜੀ ਦੀ ਵਢਾਈ ਅਤੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਦੌਰਾਨ ਸਫਲਤਾ ਕਿਸਾਨਾਂ ਤਕ ਲਗਾਤਾਰ ਪਹੁੰਚ ਬਣਾਈ ਰੱਖਣ ਅਤੇ ਪਸਾਰ ਗਤੀਵਿਧੀਆਂ ਜਾਰੀ ਰੱਖਣ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਆਪਣੀ ਸੁਰੱਖਿਆ ਲਈ ਕੋਈ ਢਿੱਲ ਨਾ ਵਰਤੀ ਜਾਵੇ। ਡਾ ਮਾਹਲ ਨੇ ਸੁਰੱਖਿਆ ਸੰਬੰਧੀ ਸਰਕਾਰੀ ਹਦਾਇਤਾਂ ਦੀ ਹਰ ਲਿਹਾਜ਼ ਨਾਲ ਪਾਲਣਾ ਕਰਨ, ਸਮਾਜਿਕ ਵਿੱਥ ਬਣਾਈ ਰੱਖਣ ਅਤੇ ਸੈਂਨੇਟਾਈਜ਼ੇਸ਼ਨ ਦੇ ਢੁਕਵੇਂ ਤਰੀਕੇ ਅਪਨਾਉਣ ਲਈ ਕਿਹਾ। ਉਨ੍ਹਾਂ ਖੇਤਰੀ ਖੋਜ ਕੇਂਦਰਾਂ ਅਤੇ ਯੂਨੀਵਰਸਿਟੀ ਕੈਂਪਸ ਵਿਚ ਵੀ ਸੁਰੱਖਿਆ ਦੇ ਮੱਦੇ-ਨਜ਼ਰ ਯੋਗ ਹਾਲਾਤ ਬਣਾਈ ਰੱਖਣ ਦੀ ਅਪੀਲ ਸਾਰੇ ਵਿਗਿਆਨੀਆਂ ਨੂੰ ਕੀਤੀ। ਆਉਣ ਵਾਲੇ ਕਿਸਾਨਾਂ ਅਤੇ ਵਿਗਿਆਨੀਆਂ ਦੀ ਸਿਹਤ ਸੁਰੱਖਿਆ ਲਈ ਮਾਸਕ, ਸੈਨੇਟਾਈਜ਼ਰ ਅਤੇ ਵਿੱਥ ਬਣਾਈ ਰੱਖਣ ਨੂੰ ਬੇਹੱਦ ਜ਼ਰੂਰੀ ਕਿਹਾ ਗਿਆ। ਇਸ ਤੋਂ ਇਲਾਵਾ ਕੈਂਪਸ ਵਿਚ ਵਿਗਿਆਨੀਆਂ ਅਤੇ ਗੈਰ-ਅਧਿਆਪਨ ਅਮਲੇ ਨੂੰ ਵੀ ਆਪਣੀ ਸੁਰੱਖਿਆ ਲਈ ਜ਼ਰੂਰੀ ਉਪਕਰਨ ਧਾਰਨ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ।

ਵੱਖ-ਵੱਖ ਕੇਂਦਰਾਂ ਦੇ ਮਾਹਿਰਾਂ ਨੇ ਡਾ ਮਾਹਲ ਨੂੰ ਖੇਤਰ ਦੇ ਹਾਲਾਤ ਤੋਂ ਜਾਣੂੰ ਕਰਵਾਇਆ। ਡਾ ਮਾਹਲ ਨੇ ਸਾਰੇ ਵਿਗਿਆਨੀਆਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਇਹ ਸੰਕਟ ਕਾਲ ਬਚਾਅ ਦਾ ਦੌਰ ਹੈ।

Share this Article
Leave a comment