ਖੇਤੀ ਵਿਭਿੰਨਤਾ ਬਾਰੇ ਆਨਲਾਈਨ ਸਿਖਲਾਈ ਪ੍ਰੋਗਰਾਮ

TeamGlobalPunjab
2 Min Read

ਚੰਡੀਗੜ੍ਹ (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਮੈਨੈਜਮੈਂਟ ਐਂਡ ਐਕਸਟੈਨਸ਼ਨ ਟ੍ਰੇਨਿੰਗ ਇੰਸਟੀਚਿਊਟ (ਪਾਮੇਟੀ) ਨੇ ਬੀਤੇ ਦਿਨੀਂ ‘ਵਿਭਿੰਨਤਾ ਰਾਹੀਂ ਵਧੇਰੇ ਆਮਦਨ ਲਈ ਪਸਾਰ ਤਰੀਕਿਆਂ’ ਬਾਰੇ ਇੱਕ ਵੈਬਨਾਰ ਕਰਵਾਇਆ। ਇਸ ਵੈਬਨਾਰ ਵਿੱਚ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਇਸਦੇ ਸਹਿਯੋਗੀ ਵਿਭਾਗਾਂ ਤੋਂ 99 ਪਸਾਰ ਅਧਿਕਾਰੀ ਸ਼ਾਮਿਲ ਹੋਏ।

ਪਾਮੇਟੀ ਦੇ ਨਿਰਦੇਸ਼ਕ ਡਾ. ਐਚ ਐਸ ਧਾਲੀਵਾਲ ਨੇ ਸਵਾਗਤੀ ਸ਼ਬਦ ਬੋਲਦਿਆਂ ਨਵੇਂ ਪਸਾਰ ਤਰੀਕਿਆਂ ਦੇ ਮਹੱਤਵ ਬਾਰੇ ਗੱਲ ਕੀਤੀ । ਡਾ. ਧਾਲੀਵਾਲ ਨੇ ਇਸ ਵੈਬਨਾਰ ਵਿੱਚ ਸ਼ਾਮਲ ਹੋਣ ਵਾਲੇ ਸਮੂਹ ਪਸਾਰ ਅਧਿਕਾਰੀਆਂ ਦਾ ਸਵਾਗਤ ਕੀਤਾ।

 

ਪ੍ਰਸਿੱਧ ਸਬਜ਼ੀ ਉਤਪਾਦਕ ਦਵਿੰਦਰ ਸਿੰਘ ਪਿੰਡ ਮੁਸ਼ਕਾਬਾਦ ਜ਼ਿਲਾ ਲੁਧਿਆਣਾ ਨੇ ਸੁਰੱਖਿਅਤ ਖੇਤੀ ਸੰਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ । ਉਹਨਾਂ ਨੇ ਦੱਸਿਆ ਕਿ ਖੇਤੀ ਕਾਰੋਬਾਰ ਦਾ ਆਰੰਭ ਕਰਦਿਆਂ ਅਤੇ ਵੱਖ-ਵੱਖ ਸਬਜ਼ੀਆਂ ਜਿਵੇਂ ਰੰਗੀਨ ਸ਼ਿਮਲਾ ਮਿਰਚਾਂ, ਖੀਰੇ, ਟਮਾਟਰ ਆਦਿ ਦੇ ਉਤਪਾਦਨ ਵਿੱਚ ਉਹਨਾਂ ਨੂੰ ਕੀ-ਕੀ ਚੁਣੌਤੀਆਂ ਦਰਪੇਸ਼ ਹੋਈਆਂ । ਇਸ ਤੋਂ ਇਲਾਵਾ ਉਹਨਾਂ ਨੇ ਪੈਕ ਹਾਊਸ ਉਤਪਾਦਨ ਵਿਧੀ ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਕਿ ਲਾਕਡਾਊਡ ਦੌਰਾਨ ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਦਰ-ਦਰ ਜਾ ਕੇ ਸਬਜ਼ੀਆਂ ਵੇਚਣ ਦਾ ਕਾਰੋਬਾਰੀ ਤਜਰਬਾ ਕਿੰਨਾ ਲਾਹੇਵੰਦ ਰਿਹਾ । ਜ਼ਿਲਾ ਲੁਧਿਆਣਾ ਦੇ ਪਿੰਡ ਕੋਟਲੀ ਦੇ ਸ੍ਰੀ ਸੁਖਵਿੰਦਰ ਸਿੰਘ ਗਰੇਵਾਲ ਨੇ ਸੂਰ ਪਾਲਣ ਦੇ ਕਿੱਤੇ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ । ਜ਼ਿਲਾ ਬਠਿੰਡਾ ਦੇ ਪਿੰਡ ਸੁੱਖਾ ਸਿੰਘ ਵਾਲਾ ਤੋਂ ਅਗਾਂਹਵਧੂ ਕਿਸਾਨ ਨਿਰਭੈ ਸਿੰਘ ਖਾਲਸਾ ਨੇ ਪਾਮੇਟੀ ਨਾਲ ਆਪਣੀ ਸਾਂਝ ਦਾ ਜ਼ਿਕਰ ਕੀਤਾ ।

ਉਹਨਾਂ ਦੱਸਿਆ ਕਿ ਉਹਨਾਂ ਨੇ ਸੜਕ ਕਿਨਾਰੇ ਸਬਜ਼ੀਆਂ ਵੇਚਣ ਦਾ ਜੋ ਤਜਰਬਾ ਕੀਤਾ ਉਸ ਵਿੱਚ ਸਫਲਤਾ ਲਈ ਕੀ-ਕੀ ਤਰੀਕੇ ਵਰਤੇ । ਉਹਨਾਂ ਨੇ ਮੌਸਮੀ ਸਬਜ਼ੀਆਂ ਤੋਂ ਇਲਾਵਾ ਮਹਿਕਦਾਰ ਪੌਦੇ, ਮੌਸਮੀ ਫੁੱਲ, ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ, ਸਬਜ਼ੀਆਂ ਦੇ ਬੀਜ ਵੇਚਣ ਦਾ ਸਫ਼ਲ ਤਜਰਬਾ ਕੀਤਾ । ਮਾਨਸਾ ਅਤੇ ਬਠਿੰਡਾ ਜ਼ਿਲਿਆਂਂ ਤੋਂ ਬਹੁਤ ਸਾਰੇ ਸਵੈ ਸਹਾਇਤਾ ਗਰੁੱਪਾਂ ਨੇ ਉਹਨਾਂ ਦੀ ਦੇਖਾ ਦੇਖੀ ਸੜਕ ਕਿਨਾਰੇ ਸਬਜ਼ੀਆਂ ਵੇਚਣ ਦਾ ਮਾਡਲ ਅਪਨਾਇਆ ।  ਇਸ ਵੈਬੀਨਾਰ ਵਿੱਚ ਸ਼ਾਮਿਲ ਹੋਏ ਸਿਖਿਆਰਥੀਆਂ ਨੇ ਸੈਮੀਨਾਰ ਬਾਰੇ ਆਪਣੀ ਰਾਇ ਦਿੱਤੀ ਅਤੇ ਸਵਾਲ ਵੀ ਪੁੱਛੇ ।

Share This Article
Leave a Comment