ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾ ਰਹੀ 600 ਯੂਨਿਟ ਮੁਫਤ ਬਿਜਲੀ ਦੀ ਗਾਰੰਟੀ ਨੂੰ 1 ਸਾਲ ਪੂਰਾ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ 1 ਜੁਲਾਈ 2022 ਨੂੰ 600 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਨਾਲ ਨਾ ਸਿਰਫ਼ ਘਰੇਲੂ ਖਪਤਕਾਰਾਂ ਨੂੰ ਫਾਇਦਾ ਹੋਇਆ, ਸਗੋਂ ਖੇਤੀ ਸੈਕਟਰ ਨੂੰ ਵੀ ਨਿਰਵਿਘਨ ਬਿਜਲੀ ਮਿਲ ਰਹੀ ਹੈ।
ਇਸ ਮੌਕੇ CM ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਲਈ 1 ਜੁਲਾਈ 2022 ਦਾ ਦਿਨ ਇਤਿਹਾਸਿਕ ਦਿਨ ਸੀ, ਜੋ ਕਿ ਹਮੇਸ਼ਾ ਯਾਦ ਰਹੇਗਾ, ਕਿਉਂਕਿ ਇਸ ਦਿਨ ਸੂਬਾ ਵਾਸੀਆਂ ਨੂੰ ਮੁਫ਼ਤ ਬਿਜਲੀ ਮਿਲਣੀ ਸ਼ੁਰੂ ਹੋਈ ਸੀ । CM ਮਾਨ ਨੇ ਕਿਹਾ ਕਿ ਹਰ ਮਹੀਨੇ ਲੋਕਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਜਿਸ 90 ਫ਼ੀਸਦੀ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ।
CM ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ 9,020 ਕਰੋੜ ਰੁਪਏ ਦੇ ਬਕਾਏ ਸਬਸਿਡੀ ਸਮੇਤ ਕਿਸ਼ਤਾਂ ਵਿੱਚ ਅਦਾ ਕੀਤੇ ਗਏ ਹਨ। 1804 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਬਿਜਲੀ ਬੋਰਡ ਨੂੰ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਘਰੇਲੂ ਖਪਤਕਾਰਾਂ ਲਈ ਬਿਜਲੀ ਬੋਰਡ ਨੂੰ 20 ਹਜ਼ਾਰ 200 ਕਰੋੜ ਰੁਪਏ ਅਤੇ ਸਬਸਿਡੀ ਦੀ ਬਾਕੀ ਰਕਮ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਈ ਕਰਜ਼ਾ ਲੈ ਕੇ ਕੰਮ ਨਹੀਂ ਕਰ ਰਹੀ। ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾ ਕੇ ਮਾਲੀਏ ਦੇ ਸਰੋਤ ਵਧਾਏ ਗਏ ਹਨ, ਜਿਸ ਕਾਰਨ ਕਿਸਾਨਾਂ ਅਤੇ ਉਦਯੋਗਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ।
CM ਮਾਨ ਨੇ ਕਿਹਾ ਕਿ ਪੰਜਾਬ ਵਿਚ ਇਸ ਤੋਂ ਪਹਿਲਾਂ ਮਈ-ਜੂਨ-ਜੁਲਾਈ ਦੇ ਮਹੀਨਿਆਂ ਵਿਚ ਉਦਯੋਗਿਕ ਖੇਤਰ ਦੀਆਂ ਫੈਕਟਰੀਆਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਕਿਉਂਕਿ ਖੇਤੀ ਸੈਕਟਰ ਨੂੰ ਬਿਜਲੀ ਦਿੱਤੀ ਜਾਣੀ ਸੀ ਪਰ ਹੁਣ ਸੂਬਾ ਸਰਕਾਰ ਵੱਲੋਂ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਅਤੇ ਫੈਕਟਰੀਆਂ ਲਗਾਤਾਰ ਚੱਲ ਰਹੀਆਂ ਹਨ। ਫੈਕਟਰੀਆਂ ਨੂੰ ਦਿੱਤੀ ਜਾ ਰਹੀ ਸਬਸਿਡੀ ਦੀ ਰਾਸ਼ੀ ਵੀ ਬਿਜਲੀ ਬੋਰਡ ਨੂੰ ਦੇ ਦਿੱਤੀ ਗਈ ਹੈ।
CM ਮਾਨ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਬਿਜਲੀ ਦੀ ਕੋਈ ਕਮੀ ਨਹੀਂ ਹੈ। ਝੋਨੇ ਦੀ ਲਵਾਈ ਲਈ ਵਾਧੂ ਬਿਜਲੀ ਦਿੱਤੀ ਜਾ ਰਹੀ ਹੈ। ਕਿਸਾਨਾਂ ਨੂੰ ਟਿਊਬਵੈੱਲ ਬੰਦ ਕਰਕੇ ਝੋਨਾ ਲਾਉਣਾ ਪੈ ਰਿਹਾ ਹੈ । CM ਮਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ 10 ਤੋਂ 14 ਘੰਟੇ ਬਿਜਲੀ ਦੀ ਸਪਲਾਈ ਮਿਲ ਰਹੀ ਹੈ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਅਸੀਂ ਬਹੁਤ ਜਲਦ ਇੱਕ ਥਰਮਲ ਪਲਾਂਟ ਖਰੀਦ ਰਹੇ ਹਾਂ, ਕਿਉਂਕਿ ਸਾਡੇ ਕੋਲ ਕੋਲੇ ਦੀ ਕੋਈ ਕਮੀ ਨਹੀਂ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਣਜੀਤ ਸਾਗਰ ਡੈਮ ਨੇੜੇ ਧਾਰਕਲਾਂ ਵਿਖੇ ਨਵਾਂ ਡੈਮ ਬਣਾ ਰਹੀ ਹੈ। ਇਸ ਤੋਂ ਬਿਜਲੀ ਵੀ ਪੈਦਾ ਹੋਵੇਗੀ ਅਤੇ ਜਿਹੜਾ ਪਾਣੀ ਲੀਕ ਹੁੰਦਾ ਸੀ ਉਹ ਵੀ ਪੰਜਾਬ ਦੀਆਂ ਨਹਿਰਾਂ ਵਿਚ ਆ ਜਾਵੇਗਾ। ਉਨ੍ਹਾਂ ਕਿਹਾ ਕਿਪੰਜਾਬ ਸਰਕਾਰ ਸੂਰਜੀ ਊਰਜਾ ਅਤੇ ਹਰੀ ਊਰਜਾ ‘ਤੇ ਧਿਆਨ ਦੇ ਰਹੀ ਹੈ। ਆਉਣ ਵਾਲੇ ਸਮੇਂ ਵਿਚ ਸੂਰਜੀ ਊਰਜਾ ਨੂੰ ਵਧਾਉਣ ਲਈ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ।