[alg_back_button]
ਤਰਨਤਾਰਨ : ਬਟਾਲਾ ਦੀ ਪਟਾਕਾ ਫੈਕਟਰੀ ‘ਚ ਹੋਏ ਧਮਾਕੇ ਤੋਂ ਬਾਅਦ ਹੁਣ ਤਾਰਨ ਤਾਰਨ ਦੇ ਕਲੇਰ ਨਾਮਕ ਇੱਕ ਪਿੰਡ ਦੇ ਇੱਕ ਖੇਤ ‘ਚ ਹੋਏ ਜ਼ਬਰਦਸਤ ਧਮਾਕੇ ‘ਚ 2 ਵਿਅਕਤੀਆਂ ਦੇ ਮਾਰੇ ਜਾਣ ਤੇ ਇੱਕ ਦੇ ਜ਼ਖਮੀ ਹੋਣ ਦਾ ਮਾਮਲਾ ਪ੍ਰਕਾਸ਼ ‘ਚ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕਲੇਰ ਪਿੰਡ ਖਡੂਰ ਸਾਹਿਬ ਰੋਡ ‘ਤੇ ਪੈਂਦਾ ਹੈ ਤੇ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਥੇ ਕੁਝ ਲੋਕ ਖੇਤ ‘ਚ ਮਿੱਟੀ ਪੁੱਟ ਕੇ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਧਮਾਕੇ ‘ਚ ਹੋਏ ਜ਼ਖਮੀ ਵਿਅਕਤੀ ਨੂੰ ਇਲਾਜ਼ ਲਈ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਇਸ ਖੇਤ ਵਿੱਚ ਕਿਸੇ ਬੰਬਨੁਮਾਂ ਚੀਜ਼ ਨੂੰ ਦਬਾਇਆ ਗਿਆ ਸੀ ਜਿਸ ‘ਤੇ ਮਿੱਟੀ ਪੁੱਟਣ ਵਾਲਾ ਹਥਿਆਰ ਵੱਜਣ ਕਾਰਨ ਉਸ ਵਿੱਚ ਧਮਾਕਾ ਹੋ ਗਿਆ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐਸਪੀ ਰਵਿੰਦਰ ਪਾਲ ਸਿੰਘ ਢਿੱਲੋਂ ਅਤੇ ਥਾਣਾ ਸਦਰ ਦੇ ਅਡੀਸ਼ਨਲ ਇੰਚਾਰਜ ਹਰਸ਼ਾ ਸਿੰਘ ਮੌਕੇ ‘ਤੇ ਪਹੁੰਚ ਗਏ ਜਿਨ੍ਹਾਂ ਨੇ ਪੂਰੇ ਇਲਾਕੇ ਨੂੰ ਸੀਲ ਕਰਕ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਢਿੱਲੋਂ ਅਨੁਸਾਰ ਮਰਨ ਵਾਲਿਆਂ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਪਿੰਡ ਬਚੜੇ, ਤੇ ਵਿਕਰਮ ਸਿੰਘ ਵਿੱਕੀ ਵਾਸੀ ਪਿੰਡ ਕਦਗਿਲ ਵਜੋਂ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਜ਼ਖਮੀ ਹੋਇਆ ਨੌਜਵਾਨ ਗੁਰਜੰਟ ਸਿੰਘ ਜੰਟਾ ਵੀ ਬਚੜੇ ਪਿੰਡ ਦਾ ਹੀ ਵਸਨੀਕ ਦੱਸਿਆ ਜਾਂਦਾ ਹੈ। ਪੁਲਿਸ ਜਿੱਥੇ ਇਸ ਨੂੰ ਖੇਤ ‘ਚ ਦੱਬੀ ਕਿਸੇ ਬੰਬਨੁਮਾਂ ਚੀਜ਼ ਵਿੱਚ ਹੋਏ ਧਮਾਕੇ ਦੇ ਨਜ਼ਰੀਏ ਨਾਲ ਦੇਖ ਰਹੀ ਹੈ ਉੱਥੇ ਉਹ ਲੋਕ ਕਿਸੇ ਅੱਤਵਾਦੀ ਕਾਰਵਾਈ ਤੋਂ ਵੀ ਮੁੱਢਲੇ ਤੌਰ ‘ਤੇ ਇਨਕਾਰ ਨਹੀਂ ਕਰ ਸਕਦੇ।
ਇਸ ਘਟਨਾ ਦੀ ਸਭ ਤੋਂ ਹੈਰਾਨੀਜਨਕ ਗੱਲ ਹੈ ਮ੍ਰਿਤਕਾਂ ਦੇ ਚਿਹਰੇ ਢਕੇ ਹੋਣਾ। ਪੁਲਿਸ ਨੂੰ ਮੌਕੇ ਤੋਂ ਇੱਕ ਅਜਿਹਾ ਰੁਮਾਲ ਵੀ ਮਿਲਿਆ ਹੈ ਜਿਸ ‘ਤੇ ਬਾਰੂਦ ਦੇ ਨਿਸ਼ਾਨ ਪਾਏ ਗਏ ਹਨ। ਅਧਿਕਾਰੀਆਂ ਅਨੁਸਾਰ ਮਰਨ ਵਾਲਿਆਂ ਵਿੱਚੋਂ ਇੱਕ ਸਰਦਾਰ ਸੀ ਜਦਕਿ ਦੂਸਰੇ ਦੇ ਵਾਲ ਕੱਟੇ ਹੋਏ ਸਨ ਤੇ ਚਿਹਰਾ ਕਲੀਨਸ਼ੇਵ ਸੀ।
ਇੱਧਰ ਦੂਜੇ ਪਾਸੇ ਘਟਨਾ ਦੀ ਪੁਸ਼ਟੀ ਕਰਦਿਆਂ ਪਿੰਡ ਕਲੇਰ ਦੇ ਨਾਲ ਲਗਦੇ ਗੁਆਂਢੀ ਪਿੰਡ ਬਚੜੇ ਦੇ ਸਰਪੰਚ ਨੇ ਦੱਸਿਆ ਕਿ ਇਹ ਧਮਕਾ ਇੰਨਾ ਜੋਰਦਾਰ ਸੀ ਕਿ ਅਵਾਜ਼ ਸੁਣ ਕੇ ਨੇੜਲੇ ਪਿੰਡਾਂ ਦੇ ਲੋਕ ਵੀ ਆਪੋ ਆਪਣੇ ਘਰਾਂ ਵਿੱਚੋਂ ਬਾਹਰ ਨਿੱਕਲ ਆਏ।
[alg_back_button]