ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿਖੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਬਣੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਨੇ ਅੱਜ ਹੰਸਲੀ ਸਾਹਿਬ ਦਾ ਉਦਘਾਟਨ ਕੀਤਾ ਅਤੇ ਨਤਮਸਤਕ ਹੋਏ ਅਤੇ ਜਿਥੇ ਉਨਾਂ ਨੂੰ ਸਿਰੋਪਾ ਭੇਂਟ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਜਿਸ ਪਾਣੀ ਦੇ ਚੈਨਲ ਰਾਹੀਂ (ਹੰਸਲੀ ਸਾਹਿਬ) ਪਾਣੀ ਗੁਰੂਦੁਆਰਾ ਸਾਹਿਬ ਦੇ ਸਰੋਵਰ ਵਿਚ ਜਾ ਰਿਹਾ ਸੀ ਉਹ ਤਕਰੀਬਨ 80 ਸਾਲ ਪੁਰਾਣਾ ਹੋਣ ਕਾਰਨ ਸਰੋਵਰ ਲਈ ਸਾਫ ਸੁਥਰਾ ਪਾਣੀ ਮੁਹੱਈਆ ਨਹੀਂ ਕਰਵਾ ਪਾ ਰਿਹਾ ਸੀ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਦਰਬਾਰ ਸਾਹਿਬ ਨੂੰ ਸਾਫ ਸੁਥਰਾ ਪਾਣੀ ਹੁਣ ਉਪਲੱਬਧ ਹੋ ਜਾਵੇਗਾ। ਇਸ ਪ੍ਰੋਜੈਕਟ ਤਹਿਤ ਮੁਕਤਸਰ ਮਾਈਨਰ ਤੋਂ ਲੈ ਕੇ ਸਰੋਵਰ ਤੱਕ ਇੱਟਾਂ ਦਾ ਅੰਡਰ ਗਰਾਉਂਡ ਚੈਨਲ ਬਣਿਆ ਹੈ ਅਤੇ ਇਹ ਚੈਨਲ ਕੋਟਕਪੂਰਾ ਰੋਡ ਦੇ ਨਾਲ-ਨਾਲ ਬਜਾਰ ਵਿਚ ਦੀ ਹੁੰਦਾ ਹੋਇਆ ਸਰੋਵਰ ਤੱਕ ਪਹੁੰਚਦਾ ਹੈ।
ਸ੍ਰੀ ਮੁਕਤਸਰ ਸਾਹਿਬ ਨਿਵਾਸੀਆਂ ਦੀ ਪੁਰਜ਼ੋਰ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਿਕ ਸ਼੍ਰੀ ਦਰਬਾਰ ਸਾਹਿਬ (ਟੁੱਟੀ ਗੰਢੀ ਸਾਹਿਬ) ਦੇ ਸਰੋਵਰ ਦੀ ਪੁਰਾਣੀ ਹੰਸਲੀ ਨੂੰ ਨਵੇ ਇਨਲੈਟ ਚੈਨਲ ਨਾਲ 1 ਕਰੋੜ 60 ਲੱਖ ਰੁਪਏ ਖਰਚ ਕੇ ਬਦਲਿਆ ਗਿਆ ਹੈ। ਇਹ ਪਾਣੀ ਦੀ ਪਾਈਪ 2700 ਮੀਟਰ ਲੰਬੀ ਹੈ ਅਤੇ ਇਸ ਪਾਈਪ ਲਾਇਨ ਨੂੰ 4 ਮਹੀਨਿਆਂ ਵਿੱਚ ਪਾ ਕੇ ਸਰੋਵਰ ਨੂੰ ਸਾਫ ਸੁਥਰਾ ਪਾਣੀ ਮੁਹਇਆ ਕਰਵਾਇਆ ਗਿਆ ਹੈ।
ਉਹਨਾਂ ਦੱਸਿਆ ਕਿ ਨਵੇ ਇਨਲੈਟ ਚੈਂਨਲ ਅਧੀਨ ਮੁਕਤਸਰ ਮਾਈਨਰ ਉੱਤੇ ਇੱਕ ਪੰਪ ਹਾਊਸ ਦੀ ਉਸਾਰੀ ਕੀਤੀ ਗਈ ਹੈ, ਜਿਸ ਵਿੱਚ ਮੋਟਰਾਂ ਰਾਹੀਂ ਪਾਣੀ ਨੂੰ ਪੰਪ ਕਰਕੇ ਗੁਰਦੁਆਰਾ ਸਾਹਿਬ ਦੇ ਸਰੋਵਰ ਤੱਕ ਪੰਪਿਗ ਰਾਹੀਂ ਪਹੁੰਚਾਇਆ ਜਾਵੇਗਾ। ਇਹ ਪੂਰਾ ਕੰਮ ਜਿਲਾ ਪ੍ਰਸ਼ਾਸ਼ਨ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਰਿਟਾ: ਏਡੀਸੀ ਐਚ.ਐਸ ਸਰਾਂ ਦੀ ਦੇਖ-ਰੇਖ ਹੇਠ ਮੁਕੰਮਲ ਕੀਤਾ ਗਿਆ ਹੈ।
ਇਸ ਸਬੰਧੀ ਐਕਸੀਅਨ ਅਮਿ੍ਰਤਦੀਪ ਸਿੰਘ ਭੱਠਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਮੁਢਲਾ ਖਰਚਾ 95.44 ਲੱਖ ਸੀ ਅਤੇ ਕੰਮ ਦੋਰਾਨ ਇਹ ਵੱਧ ਕੇ ਤਕਰੀਬਨ 1 ਕਰੋੜ 60 ਲੱਖ ਰੁਪਏ ਹੋ ਗਿਆ।