ਫ਼ਿਰੋਜ਼ਪੁਰ : ਕੜਾਕੇ ਦੀ ਠੰਢ ਵਿੱਚ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ 49ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਇਹ ਕਾਫਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਕਿਸਾਨਾਂ ਦੇ ਧਰਨੇ ਨੂੰ ਹਰ ਪਾਸੇ ਤੋਂ ਹਿਮਾਇਤ ਮਿਲ ਰਹੀ ਹੈ। ਇਸੇ ਤਰ੍ਹਾ ਫ਼ਿਰੋਜ਼ਪੁਰ ਤੋਂ ਕਿਸਾਨਾਂ ਨੂੰ ਸਮਰਥਨ ਕਰਦੀ ਇੱਕ ਵੱਖਰੀ ਖ਼ਬਰ ਦੇਖਣ ਨੂੰ ਮਿਲੀ।
ਬਿਰਧ ਆਸ਼ਰਮ ‘ਚ ਰਹਿੰਦੀਆਂ ਮਹਿਲਾਵਾਂ ਨੇ ਕਿਸਾਨਾਂ ਦੇ ਅੰਦੋਲਨ ਲਈ 10 ਕੁਇੰਟਲ ਪਿੰਨੀਆਂ ਤਿਆਰ ਕਰਕੇ ਭੇਜੀਆਂ ਹਨ। ਦੇਸੀ ਘਿਓ ਨਾਲ ਤਿਆਰ ਕੀਤੀਆਂ ਪਿੰਨੀਆਂ ਬਣਾਉਨ ਲਈ ਆਸ਼ਰਮ ‘ਚ ਮੌਜ਼ੂਦ ਸਾਰੀਆਂ ਔਰਤਾਂ ਨੇ ਸਹਿਯੋਗ ਪਾਇਆ।
ਇਸ ਦੌਰਾਨ ਇਹਨਾਂ ਮਹਿਲਾਵਾਂ ਨੇ ਕਿਹਾ ਕਿ ਕੜਾਕੇ ਦੀ ਠੰਢ ਵਿੱਚ ਵੀ ਬਜ਼ੁਰਗ, ਮਹਿਲਾਵਾਂ, ਬੱਚੇ ਅਤੇ ਨੌਜਵਾਨ ਕੇਂਦਰ ਸਰਕਾਰ ਦੇ ਖਿਲਾਫ਼ ਧਰਨਾ ਦੇ ਰਹੇ ਹਨ। ਅੱਜ ਉਹਨਾਂ ਨੂੰ ਸਾਡੇ ਸਾਥ ਦੀ ਜ਼ਰੂਰਤ ਹੈ। ਜੇਕਰ ਅਸੀਂ ਦਿੱਲੀ ਨਹੀਂ ਜਾ ਸਕਦੀਆਂ ਤਾਂ ਅਸੀਂ ਇੱਥੇ ਬੈਠੇ ਹੀ ਉਹਨਾਂ ਨੂੰ ਸਮਰਥਨ ਦੇਣਾ ਚਾਹੁੰਦੇ ਹਾਂ। ਇਸ ਲਈ ਦੇਸੀ ਘਿਓ ਨਾਲ ਪਿੰਨੀਆਂ ਤਿਆਰ ਕਰਕੇ ਦਿੱਲੀ ਭੇਜੀਆਂ ਹਨ।
ਇਸ ਦੌਰਾਨ ਆਸ਼ਰਮ ‘ਚ ਰਹਿੰਦੀਆਂ ਮਹਿਲਾਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਬੁਜ਼ਰਗ ਔਰਤਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦਾ ਮਸਲਾ ਹੱਲ ਜਲਦੀ ਕਰੇ ਤਾਂ ਜੋ ਕਿਸਾਨ ਆਪਣੇ ਘਰ ਵਾਪਸ ਆ ਸਕਣ।