ਵਾਸ਼ਿੰਗਟਨ: ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਇਕ ਨਰਸ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਮਰੀਕੀ ਇੰਟੈਲੀਜੈਂਸ ਅਨੁਸਾਰ ਨਰਸ ਦੀ ਪਛਾਣ ਨਿਵਿਯਾਨੇ ਪੇਟਿਟ ਫੇਲਪਸ ਵਜੋਂ ਹੋਈ ਹੈ, ਜੋ ਕਿ 39 ਸਾਲ ਦੀ ਹੈ।
ਨਰਸ ਨੂੰ ਅਮਰੀਕੀ ਖੁਫੀਆ ਏਜੰਸੀ ਦੀ ਜਾਂਚ ਤੋਂ ਬਾਅਦ ਫਲੋਰਿਡਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਫੇਲਪਸ ਖ਼ਿਲਾਫ਼ ਜੋ ਮਾਮਲਾ ਦਰਜ ਕੀਤਾ ਗਿਆ ਹੈ, ਉਸ ਦੇ ਮੁਤਾਬਕ ਫੇਲਪਸ ਨੇ 13 ਫਰਵਰੀ ਤੋਂ 18 ਫਰਵਰੀ ਦੇ ਵਿਚਾਲੇ ਜਾਣਬੁੱਝ ਕੇ ਉਪ ਰਾਸ਼ਟਰਪਤੀ ਨੂੰ ਜਾਨੋਂ ਮਾਰਨ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਸੀ।
ਦੋਸ਼ਾਂ ਮੁਤਾਬਕ ਉਸ ਨੇ ਜੇਲ੍ਹ ‘ਚ ਬੰਦ ਆਪਣੇ ਪਤੀ ਨੂੰ ਵੀਡੀਓ ਭੇਜ ਕੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਅਤੇ ਕਮਲਾ ਹੈਰਿਸ ਦੇ ਖ਼ਿਲਾਫ਼ ਨਫ਼ਰਤ ਭਰੇ ਸ਼ਬਦਾਂ ਦੀ ਵਰਤੋਂ ਕੀਤੀ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਫੇਲਪਸ ਨੇ ਕਮਲਾ ਹੈਰਿਸ ਨੂੰ ਮਾਰਨ ਵਰਗੀਆਂ ਗੱਲਾਂ ਵੀ ਵੀਡੀਓ ਵਿੱਚ ਕਹੀਆਂ ਹਨ।