ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਡਿਜਿਟਲ ਪ੍ਰੈਸ ਕਾਨਫਰੰਸ ਕਰ ਦਿੱਲੀ ਵਿੱਚ ਕੋਰੋਨਾ ਦੇ ਹਾਲਾਤ ਤੇ ਇਸ ਨਾਲ ਲੜਨ ਦੀ ਕੀ ਤਿਆਰੀ ਹੈ, ਬੈਡਾਂ ਦੀ ਉਪਲਬਧਤਾ ਅਤੇ ਪਲਾਜ਼ਮਾ ਥੈਰੇਪੀ ਵਰਗੇ ਹਰ ਮੁੱਦੇ’ਤੇ ਗੱਲ ਕੀਤੀ। ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਦਿੱਲੀ ਵਿੱਚ ਲਗਭਗ 74,000 ਕੋਰੋਨਾ ਦੇ ਮਾਮਲੇ ਹਨ। ਜਿਨ੍ਹਾਂ ‘ਚੋਂ 45,000 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ, ਪਰ ਜੇਕਰ ਇਸ ਨੂੰ ਦੂਜੇ ਪਾਸਿਓਂ ਵੇਖੀਏ ਤਾਂ ਹਾਲਾਤ ਚਿੰਤਾਜਨਕ ਜ਼ਰੂਰ ਹਨ ਪਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਹਾਲਾਤ ਕਾਬੂ ਵਿੱਚ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਰੋਜ਼ਾਨਾ ਦੇ ਟੈਸਟਾਂ ਦੀ ਗਿਣਤੀ ਨੂੰ ਤਿੰਨ ਗੁਣਾ ਕਰ ਦਿੱਤਾ ਹੈ, ਇਸ ਲਈ ਵੀ ਕੋਰੋਨਾ ਦੇ ਜ਼ਿਆਦਾ ਮਾਮਲੇ ਆ ਰਹੇ ਹਨ। ਹੁਣ ਕੁੱਲ 26,000 ਕੋਰੋਨਾ ਮਰੀਜ਼ ਹਨ ਜਿਨ੍ਹਾਂ ‘ਚੋਂ ਸਿਰਫ 6,000 ਹਸਪਤਾਲ ‘ਚ ਭਰਤੀ ਹਨ, ਹਾਲੇ ਵੀ 7,500 ਬੈੱਡ ਹਸਪਤਾਲਾਂ ਵਿੱਚ ਖਾਲੀ ਹਨ।
3,000-3,500 ਮਾਮਲੇ ਹਰ ਰੋਜ਼ ਆਉਣ ਦੇ ਬਾਵਜੂਦ ਵੀ ਲੋਕਾਂ ਨੂੰ ਹਸਪਤਾਲ ਜਾਣ ਦੀ ਜ਼ਰੂਰਤ ਨਹੀਂ ਹੈ। ਫਿਲਹਾਲ ਸਾਡੇ ਕੋਲ ਸਮਰੱਥ ਇੰਤਜਾਮ ਹਨ, ਪਰ ਸਾਨੂੰ ਆਈਸੀਯੂ ਬੈਡ ਦੀ ਜ਼ਰੂਰਤ ਹੈ ਜਿਸ ਦੇ ਲਈ ਅਸੀ ਤਿਆਰੀ ਕਰ ਰਹੇ ਹਾਂ। ਬੈਂਕੁਏਟ ਹਾਲ ਵਿੱਚ 3,500 ਬੈੱਡ ਵਧਾਏ ਜਾ ਰਹੇ ਹਨ ਅਤੇ ਅਸੀ ਕੁੱਝ ਹਸਪਤਾਲਾਂ ‘ਚ ਆਈਸੀਯੂ ਬੈੱਡ ਵੀ ਵਧਾਵਾਂਗੇ।