ਖੰਨਾ ‘ਚ ਐਨਆਰਆਈ ਔਰਤ ਦੇ ਬੇਰਹਿਮੀ ਨਾਲ ਕਤਲ, ਤਿੰਨ ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਆਈ ਸੀ ਪੰਜਾਬ

Global Team
3 Min Read

ਲੁਧਿਆਣਾ : ਖੰਨਾ ਵਿੱਚ ਇੱਕ ਐਨਆਰਆਈ ਔਰਤ ਦੇ ਬੇਰਹਿਮੀ ਨਾਲ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਹਾਲ ਹੀ ਵਿੱਚ ਵਿਦੇਸ਼ ਤੋਂ ਖੰਨਾ ਆਈ ਸੀ। ਘਟਨਾ ਦੀ ਖ਼ਬਰ ਮਿਲਦੇ ਹੀ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਮ੍ਰਿਤਕਾ ਦੀ ਪਛਾਣ ਜਗਪਾਲ ਕੌਰ (82) ਵਜੋਂ ਹੋਈ ਹੈ ਜੋ ਕਿ ਪੇਸ਼ੇ ਤੋਂ ਰਿਟਾਇਰਡ ਅਧਿਆਪਕ ਸਨ। ਉਸਦੀ ਲਾਸ਼ ਉਸਦੇ ਘਰੋਂ ਮਿਲੀ। ਉਸ ਨੇ ਅਪ੍ਰੈਲ 2026 ਵਿੱਚ ਕੈਨੇਡਾ ਵਾਪਸ ਜਾਣਾ ਸੀ। ਉਸ ਦੇ ਦੋ ਬੱਚੇ ਹਨ ਜੋ ਕੈਨੇਡਾ ਵਿੱਚ ਹਨ।

ਮਿਲੀ ਜਾਣਕਾਰੀ ਅਨੁਸਾਰ ਜਗਪਾਲ ਕੌਰ ਲੰਬੇ ਸਮੇਂ ਤੋਂ ਕੈਨੇਡਾ ਚ ਰਹਿ ਰਹੀ ਸੀ ਅਤੇ ਅਕਤੂਬਰ 2025 ਵਿੱਚ ਹੀ ਪੰਜਾਬ ਆਈ ਸੀ। ਜਗਪਾਲ ਕੌਰ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦੇ ਨਈ ਆਬਾਦੀ ਇਲਾਕੇ ਵਿੱਚ ਘਰ ਵਿੱਚ ਇਕੱਲੀ ਸੀ। ਅਤੇ ਕੱਲ੍ਹ ਘਰ ਵਿੱਚੋਂ ਬਦਬੂ ਆਉਣ ‘ਤੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਨੂੰ ਔਰਤ ਦੀ ਲਾਸ਼ ਬਾਥਰੂਮ ਵਿੱਚ ਪਈ ਮਿਲੀ। ਮ੍ਰਿਤਕਾ ਦੇ ਹੱਥ -ਪੈਰ ਅਤੇ ਮੂੰਹ ਬੰਨ੍ਹੇ ਹੋਏ ਸਨ, ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਵੀ ਹਨ। ਲਾਸ਼ ਦੀ ਹਾਲਤ ਨੂੰ ਦੇਖ ਕੇ ਸ਼ੱਕ ਹੈ ਕਿ ਔਰਤ ਨੂੰ ਕਤਲ ਕਰਨ ਤੋਂ ਕੁੱਟ ਮਾਰ ਕੀਤੀ ਹੋ ਸਕਦੀ ਹੈ।

ਖੰਨਾ ਦੇ ਐਸਪੀ ਪਵਨ ਕੁਮਾਰ ਨੇ ਦੱਸਿਆ ਕਿ ਅੱਜ ਡਾਇਲ 112 ‘ਤੇ ਇੱਕ ਕਾਲ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਜਦੋਂ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਨੇ ਪਾਇਆ ਕਿ ਔਰਤ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਜਾਪਦਾ ਹੈ । ਇੱਕ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ। ਫਿਲਹਾਲ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਜਲਦ ਮੁਲਜ਼ਮਾਂ ਤੱਕ ਪਹੁੰਚਣ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਸਥਾਨਕ ਕੌਂਸਲਰ ਸੁਖਦੇਵ ਮਿੱਢਾ ਨੇ ਕਿਹਾ ਕਿ ਐਨਆਰਆਈ ਔਰਤ ਪਿਛਲੇ ਦੋ ਤੋਂ ਤਿੰਨ ਮਹੀਨਿਆਂ ਤੋਂ ਇੱਥੇ ਰਹਿ ਰਹੀ ਸੀ। ਔਰਤ ਦੇ ਬੱਚੇ ਕੈਨੇਡਾ ਵਿੱਚ ਰਹਿੰਦੇ ਹਨ। ਉਨ੍ਹਾਂ ਨੂੰ ਸਵੇਰੇ ਬਜ਼ੁਰਗ ਔਰਤ ਦੇ ਕਤਲ ਦਾ ਪਤਾ ਲੱਗਿਆ। ਖੰਨਾ ਦੇ ਪੁਲਿਸ ਸੁਪਰਡੈਂਟ ਡੀ. ਪਵਨਜੀਤ ਨੇ ਕਿਹਾ ਕਿ ਘਰ ਵਿੱਚ ਕੋਈ ਚੋਰੀ ਨਹੀਂ ਜਾਪਦੀ। ਹਾਲਾਂਕਿ, ਅਸੀਂ ਜਾਂਚ ਕਰ ਰਹੇ ਹਾਂ। ਜਾਂਚ ਤੋਂ ਬਾਅਦ, ਕਤਲ ਦੇ ਪਿੱਛੇ ਅਸਲ ਕਾਰਨ ਬਾਰੇ ਸਭ ਕੁਝ ਸਪੱਸ਼ਟ ਹੋ ਜਾਵੇਗਾ।

 

Share This Article
Leave a Comment