ਚੰਡੀਗੜ੍ਹ – ਪੰਜਾਬ ਪੁਲੀਸ ਨੇ ਸ਼ਹੀਦ ਭਗਤ ਸਿੰਘ ਨਗਰ ਤੋੰ ਐੱਨ ਆਰ ਆਈ ਬਰਜਿੰਦਰ ਸਿੰਘ ਹੁਸੈਨਪੁਰ ਨੂੰ ਧੋਖਾਧੜੀ ਦੇ ਮਾਮਲੇ ਚ ਕਥਿਤ ਤੌਰ ਤੇ ਨਾਮਜ਼ਦਗੀ ਪੱਤਰ ਭਰਨ ਵੇਲੇ ਝੂਠੇ ਕਾਗਜ਼ਾਤ ਨਾਲ ਨੱਥੀ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ।
ਹੁਸੈਨਪੁਰ ਨੇ ਬੀ ਐੱਸ ਪੀ ਦੇ ਉਮੀਦਵਾਰ ਦੇ ਤੌਰ ਤੇ ਨਵਾਂਸ਼ਹਿਰ ਤੋਂ ਕਾਗਜ਼ ਭਰੇ ਸਨ ਜਦੋਂ ਕਿ ਬਸਪਾ ਵੱਲੋਂ ਨਛੱਤਰ ਪਾਲ ਨੂੰ ਇਸ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ।
ਨਵਾਂਸ਼ਹਿਰ ਦੇ ਐੱਸਡੀਐੱਮ ਅਤੇ ਰਿਟਰਨਿੰਗ ਅਫਸਰ ਬਲਜਿੰਦਰ ਸਿੰਘ ਢਿੱਲੋਂ ਵੱਲੋਂ ਨਛੱਤਰ ਪਾਲ ਦੇ ਨਾਮਜ਼ਦਗੀ ਪੱਤਰ ਨੂੰ ਹੀ ਪ੍ਰਵਾਨਗੀ ਦਿੱਤੀ ਗਈ ਹੈ ਤੇ ਐੱਨ ਆਰ ਆਈ ਬਰਜਿੰਦਰ ਸਿੰਘ ਹੁਸੈਨਪੁਰ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ ਤੇ ਉਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਆਈ ਪੀ ਸੀ ਦੀ ਧਾਰਾ 420, 465 ਤੇ 125A ਪੀਪਲਜ਼ ਰਿਪਰਜੈਨਟੇਸ਼ਨ ਐਕਟ 1950,1951 ਤੇ 1989 ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਪਹਿਲਾਂ ਦੋਨਾਂ ਉਮੀਦਵਾਰਾਂ ਨੇ ਰਿਟਰਨਿੰਗ ਅਫ਼ਸਰ ਕੋਲ ਜਾ ਕੇ ਆਪਣੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਸਨ । ਪਰ ਜਦੋਂ ਕਾਗਜ਼ਾਂ ਦੀ ਪਡ਼ਤਾਲ ਕੀਤੀ ਗਈ ਤੇ ਉਸ ਵਿੱਚ ਨਛੱਤਰ ਪਾਲ ਦੇ ਕਾਗਜ਼ਾਂ ਨਾਲ ਬਸਪਾ ਪਾਰਟੀ ਵੱਲੋਂ ਮਿਲਿਆ ਉਮੀਦਵਾਰੀ ਦਾ ਪ੍ਰਵਾਨਗੀ ਪੱਤਰ ਨਾਲ ਨੱਥੀ ਕੀਤਾ ਹੋਇਆ ਸੀ ਜਦੋਂ ਕਿ ਹੁਸੈਨਪੁਰ ਦੇ ਕਾਗਜ਼ਾਤ ਜਾਅਲੀ ਪਾਏ ਗਏ।
ਬਸਪਾ ਦੀ ਪਾਰਟੀ ਸੁਪਰੀਮੋ ਮਾਇਆਵਤੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਨਵਾਂਸ਼ਹਿਰ ਦੇ ਰਿਟਰਨਿੰਗ ਅਫਸਰ ਸਾਹਮਣੇ ਪੇਸ਼ ਹੋ ਕੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਨਛੱਤਰ ਪਾਲ ਨੂੰ ਇਸ ਹਲਕੇ ਤੋਂ ਉਮੀਦਵਾਰ ਉਤਾਰਿਆ ਗਿਆ ਹੈ।