ਚੰਡੀਗੜ੍ਹ : ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਦਾ ਘਿਰਾਓ ਕੀਤਾ। ਅਧਿਆਪਕ ਪਹਿਲਾਂ ਬਾਹਰ ਬੈਠ ਕੇ ਨਾਅਰੇਬਾਜ਼ੀ ਕਰ ਰਹੇ ਸਨ, ਪਰ ਬਾਅਦ ‘ਚ ਉਹ ਬੈਰੀਕੇਡ ਤੋੜਦੇ ਹੋਏ ਅੱਗੇ ਵਧ ਗਏ ਤੇ ਪਰਗਟ ਸਿੰਘ ਦੇ ਘਰ ਅੰਦਰ ਦਾਖ਼ਲ ਹੋ ਗਏ। ਇਸ ਮੁੱਦੇ ਨੂੰ ਲੈ ਕੇ ਪਰਗਟ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਜੇਕਰ ਲੋਕ ਕਿਸੇ ਮਨਿਸਟਰ ਦੇ ਘਰ ਹੀ ਚਲੇ ਜਾਣਗੇ ਤਾਂ ਇਹ ਪੁਲਿਸ ਦੀ ਅਸਫਲਤਾ ਦਰਸਾਉਂਦਾ ਹੈ।
ਉਨ੍ਹਾਂ ਕਿਹਾ, ‘ਇਹ ਠੀਕ ਨਹੀਂ ਹੈ ਕਿਉਂਕਿ ਅਧਿਆਪਕ ਯੂਨੀਅਨ ਮੇਰੀ ਰਿਹਾਇਸ਼ ਵਿੱਚ ਉਸ ਸਮੇਂ ਦਾਖਲ ਹੋਈ ਜਦੋਂ ਮੈਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਤਰੀਕਿਆਂ ਅਤੇ ਸਾਧਨਾਂ ਬਾਰੇ ਵਿਚਾਰ ਕਰਨ ਵਿੱਚ ਰੁੱਝਿਆ ਹੋਇਆ ਸੀ। ਮੈਂ ਇਨ੍ਹਾਂ ਅੰਦੋਲਨਕਾਰੀ ਅਧਿਆਪਕਾਂ ਨੂੰ ਪਹਿਲਾਂ ਵੀ ਕਈ ਵਾਰ ਮਿਲ ਚੁੱਕਾ ਹਾਂ ਅਤੇ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ ਉਨ੍ਹਾਂ ਦੀਆਂ ਜਾਇਜ਼ ਮੰਗਾਂ ਬਾਰੇ ਹਮਦਰਦੀ ਨਾਲ ਵਿਚਾਰ ਕਰੇ ਪਰ ਫਿਰ ਵੀ ਅਧਿਆਪਕਾਂ ਦਾ ਇਹ ਗੈਰ-ਜ਼ਿੰਮੇਵਾਰਾਨਾ ਵਤੀਰਾ ਜਿਸ ਕਾਰਨ ਨਾਂ ਸਿਰਫ ਮੇਰੇ ਬਜ਼ੁਰਗ ਅਤੇ ਬਿਮਾਰ ਮਾਪਿਆਂ ਨੂੰ ਸਗੋਂ ਇਲਾਕੇ ਦੇ ਕਈ ਲੋਕਾਂ ਨੂੰ ਵੀ ਵੱਡੀ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।’
ਪਰਗਟ ਸਿੰਘ ਨੇ ਕਿਹਾ, ‘ਮੈਂ ਅਧਿਆਪਕਾਂ ਵੱਲੋਂ ਕੀਤੇ ਇਸ ਅਣਮਨੁੱਖੀ ਕੰਮ ਦੀ ਨਿੰਦਾ ਕਰਦਾ ਹਾਂ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਅਜਿਹਾ ਨਾਂ ਕਰਨ ਦੀ ਅਪੀਲ ਕਰਦਾ ਹਾਂ ਕਿਉਂਕਿ ਅਜਿਹਾ ਵਿਵਹਾਰ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ।’
ਦੱਸ ਦਈਏ ਕਿ 28 ਅਕਤੂਬਰ ਤੋਂ ਬੀ.ਐਡ ਅਤੇ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਦੇ ਸ਼ਹਿਰ ਜਲੰਧਰ ਵਿਖੇ ਬੱਸ ਅੱਡੇ ‘ਤੇ ਧਰਨਾ ਦੇ ਰਹੇ ਹਨ। ਬੱਸ ਸਟੈਂਡ ਜਲੰਧਰ ਦੀ ਪਾਣੀ ਵਾਲੀ ਟੈਂਕੀ ‘ਤੇ ਵੀ ਅਧਿਆਪਕ ਚੜ੍ਹੇ ਹੋਏ ਹਨ ਅਤੇ ਨਾਲ ਹੀ ਹਰ ਰੋਜ਼ ਪੰਜ ਅਧਿਆਪਕ ਸਰਕਾਰ ਖਿਲਾਫ਼ ਭੁੱਖ ਹੜਤਾਲ ਵੀ ਰੱਖ ਰਹੇ ਹਨ। ਇਹ ਅਧਿਆਪਕਾਂ ਦੀ ਮੰਗ ਹੈ ਕਿ ਸਰਕਾਰ ਜਲਦ ਤੋਂ ਜਲਦ ਐਸ.ਐਸ.ਟੀ, ਪੰਜਾਬ ਅਤੇ ਹਿੰਦੀ ਵਿਸ਼ੇ ਲਈ 9000 ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਕਰੇ।