ਨਿਊਯਾਰਕ: ਅਮਰੀਕਾ ਦੇ ਸ਼ਹਿਰ ਨਿਊਯਾਰਕ ‘ਚ ਰਹਿਣ ਵਾਲੇ ਲੱਖਾਂ ਗੈਰ-ਨਾਗਰਿਕ ਅਤੇ ‘ਡ੍ਰੀਮਰਜ਼’ ਅਗਲੇ ਸਾਲ ਤੋਂ ਹੋਣ ਵਾਲੀਆਂ ਮਿਉਂਸੀਪਲ ਚੋਣਾਂ ਵਿੱਚ ਵੋਟ ਪਾ ਸਕਣਗੇ। ਮੇਅਰ ਐਰਿਕ ਐਡਮਜ਼ ਨੇ ਇੱਕ ਮਹੀਨਾ ਪਹਿਲਾਂ ਸਿਟੀ ਕੌਂਸਲ ਵਲੋਂ ਪ੍ਰਵਾਨ ਕੀਤੇ ਇੱਕ ਬਿੱਲ ਨੂੰ ਐਤਵਾਰ ਨੂੰ ਕਾਨੂੰਨ ਬਣਨ ਦੀ ਇਜਾਜ਼ਤ ਦਿੱਤੀ।
ਅਮਰੀਕਾ ਵਿੱਚ ਇੱਕ ਦਰਜਨ ਤੋਂ ਵੱਧ ਭਾਈਚਾਰਿਆਂ ਨੇ ਗੈਰ-ਨਾਗਰਿਕਾਂ ਨੂੰ ਸਥਾਨਕ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ, ਜਿਸ ਵਿੱਚ ਮੈਰੀਲੈਂਡ ਦੇ 11 ਸ਼ਹਿਰ ਅਤੇ ਵਰਮੌਂਟ ਦੇ ਦੋ ਕਸਬੇ ਸ਼ਾਮਲ ਹਨ। ਇਲੈਕਟੋਰਲ ਮੰਡਲ ਜੁਲਾਈ ਤੋਂ ਕਾਨੂੰਨ ਨੂੰ ਲਾਗੂ ਕਰਨ ਦੀ ਯੋਜਨਾ ਬਣਾਏਗਾ, ਜਿਸ ਵਿੱਚ ਵੋਟਰਾਂ ਨੂੰ ਰਜਿਸਟਰ ਕਰਨ ਲਈ ਨਿਯਮ ਅਤੇ ਵਿਵਸਥਾਵਾਂ ਸ਼ਾਮਲ ਹਨ।
ਉੱਧਰ ਵਿਰੋਧੀ ਧਿਰਾਂ ਵਲੋਂ ਇਸ ਕਾਨੂੰਨ ਨੂੰ ਚੁਣੌਤੀ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਜੱਜ ਇਸ ਨੂੰ ਲਾਗੂ ਕਰਨ ‘ਤੇ ਰੋਕ ਨਹੀਂ ਲਗਾਉਂਦਾ, ਤਾਂ ਨਿਊਯਾਰਕ ਸਿਟੀ ਗੈਰ-ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦੇਣ ਲਈ ਸੰਯੁਕਤ ਰਾਜ ਅਮਰੀਕਾ ਦਾ ਸਭ ਤੋਂ ਸੰਘਣੀ ਆਬਾਦੀ ਵਾਲਾ ਸ਼ਹਿਰ ਬਣ ਜਾਵੇਗਾ।