ਚੰਡੀਗੜ੍ਹ: ਟ੍ਰਾਈਸਿਟੀ ਵਿੱਚ ਵਧਦੇ ਕੋਰੋਨਾਵਾਇਰਸ ਦੇ ਮਾਮਲਿਆਂ ਦੇ ਮੱਦੇਨਜਰ ਚੰਡੀਗੜ੍ਹ ਪ੍ਰਸ਼ਾਸਨ ਵੀਕਐਂਡ ਕਰਫਿਊ ਲਗਾਉਣਾ ਚਾਹੁੰਦਾ ਸੀ ਅਤੇ ਇਸ ਲਈ ਪੰਜਾਬ ਅਤੇ ਹਰਿਆਣਾ ਵਲੋਂ ਵੀ ਰਾਏ ਮੰਗੀ ਸੀ ਤਾਂਕਿ ਇਹੀ ਕਰਫਿਊ ਮੁਹਾਲੀ ਅਤੇ ਪੰਚਕੂਲਾ ਵਿੱਚ ਵੀ ਲਾਗੂ ਕੀਤਾ ਜਾ ਸਕੇ ਪਰ, ਪੰਜਾਬ ਨੇ ਵੀਕਐਂਡ ਲਾਕਡਾਊਨ ‘ਤੇ ਕਰਫਿਊ ਲਗਾਉਣ ਤੋਂ ਮਨਾ ਕਰ ਦਿੱਤਾ ਅਤੇ ਹਰਿਆਣਾ ਨੇ ਵੀ ਸਾਫ਼ ਜਵਾਬ ਨਹੀਂ ਦਿੱਤਾ।
ਦੂਜੇ ਪਾਸੇ ਚੰਡੀਗੜ੍ਹ ਦੇ ਵਪਾਰੀਆਂ ਨੇ ਵੀ ਇਹ ਕਹਿ ਕੇ ਵੀਕਐਂਡ ਲਾਕਡਾਊਨ ਦਾ ਵਿਰੋਧ ਕੀਤਾ ਸੀ ਕਿ ਜੇਕਰ ਇਸ ਵਾਰ ਲਾਕਡਾਊਨ ਲੱਗਿਆ ਤਾਂ ਲੋਕ ਬਰਬਾਦ ਹੋ ਜਾਣਗੇ। ਇਸ ਲਈ ਇੰਡਸਟਰਿਅਲਿਸਟ ਅਤੇ ਵਪਾਰੀਆਂ ਦੇ ਨਾਲ ਗੱਲਬਾਤ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਫਿਲਹਾਲ ਇਸ ਫੈਸਲੇ ਨੂੰ ਮੁਲਤਵੀ ਕਰ ਦਿੱਤਾ ਹੈ। ਹੁਣ ਅਗਲੇ ਹਫਤੇ ਹੀ ਇਸ ‘ਤੇ ਕੋਈ ਫ਼ੈਸਲਾ ਹੋ ਸਕੇਗਾ।
ਹਾਲਾਂਕਿ ਡਾਕਟਰਾਂ ਦੀ ਸਲਾਹ ਤੋਂ ਬਾਅਦ ਹੁਣ ਚੰਡੀਗੜ੍ਹ ਵਿੱਚ ਅਫੈਕਟਿਡ ਏਰੀਆ ‘ਚ ਮਾਈਕਰੋ ਕੰਟੇਨਮੈਂਟ ਏਰੀਆ ਬਣਾਏ ਜਾਣਗੇ ਅਤੇ ਇੱਥੇ 14 ਦਿਨ ਤੱਕ ਸਖਤੀ ਰਹੇਗੀ। ਪ੍ਰਸ਼ਾਸਨ ਨੇ ਕਿਹਾ ਕਿ ਚੰਡੀਗੜ੍ਹ ਦੇ ਬਾਰਡਰ ‘ਤੇ ਸੱਖਤੀ ਵਧਾਈ ਜਾਵੇਗੀ, ਤਾਂਕਿ ਬਾਹਰੀ ਰਾਜਾਂ ਤੋਂ ਚੰਡੀਗੜ੍ਹ ਵਿੱਚ ਆਉਣ ਵਾਲੇ ਲੋਕਾਂ ‘ਤੇ ਕੁੱਝ ਰੋਕ ਲੱਗ ਸਕੇ।