ਨਵੀਂ ਦਿੱਲੀ: ਨਵੇਂ ਸਾਲ ਦੇ ਜਸ਼ਨਾਂ ਦਿੱਲੀ ਵਿਚ ਕੋਰੋਨਾਵਾਇਰਸ ਫਿੱਕੇ ਕਰ ਦਿੱਤੇ ਹਨ ਦਿੱਲੀ ਵਿੱਚ ਅੱਜ ਅਤੇ ਕੱਲ੍ਹ ਨੂੰ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ। ਜਿਸ ਦੇ ਚਲਦੇ ਪੰਜ ਤੋਂ ਜ਼ਿਆਦਾ ਲੋਕਾਂ ਦੇ ਇਕੱਠ ਤੇ ਪਾਬੰਦੀ ਲਗਾਈ ਗਈ ਹੈ। ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ।
ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਨੇ ਕੋਰੋਨਾ ਦੇ ਪ੍ਰਸਾਰ ਨੂੰ ਦੇਖਦੇ ਹੋਏ ਨਵੇਂ ਸਾਲ ਮੌਕੇ ਰਾਜਧਾਨੀ ‘ਚ ਨਾਈਟ ਕਰਫਿਊ ਲਗਾਉਣ ਦਾ ਫੈਸਲਾ ਲਿਆ ਹੈ। ਜਾਰੀ ਆਦੇਸ਼ਾਂ ਮੁਤਾਬਕ 31 ਦਸੰਬਰ ਦੀ ਰਾਤ 11 ਵਜੇ ਤੋਂ ਕੱਲ੍ਹ ਸਵੇਰੇ 6 ਵਜੇ ਤੱਕ ਕਰਫਿਊ ਜਾਰੀ ਰਹੇਗਾ, ਇਸੇ ਤਰ੍ਹਾਂ 1 ਜਨਵਰੀ ਨੂੰ ਵੀ ਨਾਈਟ ਕਰਫ਼ਿਊ ਰਾਤ 11 ਵਜੇ ਸ਼ੁਰੂ ਹੋ ਜਾਵੇਗਾ ਜੋ ਅਗਲੀ ਸਵੇਰ 2 ਜਨਵਰੀ ਨੂੰ 6 ਵਜੇ ਤੱਕ ਰਹੇਗਾ।
ਦੱਸਣਯੋਗ ਹੈ ਕਿ ਦੇਸ਼ ਭਰ ਵਿਚ ਨਵੇਂ ਕੋਰੋਨਾਵਾਇਰਸ ਦੇ ਸਟ੍ਰੇਨ ਦੇ 20 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਨੇ ਰਾਜਾਂ ਨੂੰ ਕਿਹਾ ਸੀ ਕਿ ਉਹ ਨਵੇਂ ਸਾਲ ਦੇ ਜਸ਼ਨਾਂ ‘ਤੇ ਪਾਬੰਦੀ ਲਗਾਉਣ ਅਤੇ ਇਸ ਨੂੰ ਬੰਦ ਕਰਨ ਲਈ ਕਹਿਣ। ਕਿਉਕਿ ਇਸ ਮੌਕੇ ਅਣਗਿਣਤ ਲੋਕਾਂ ਦਾ ਇਕੱਠ ਹੁੰਦਾ ਹੈ ਜੋ ਕਿ ਆਉਣ ਵਾਲੇ ਸਮੇਂ ਲਈ ਹਾਨੀਕਾਰਕ ਹੋਵੇਗਾ।