ਚੰਡੀਗੜ੍ਹ: ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਹਰਿਆਣਾ ਵਿੱਚ ਕੌਮੀ ਰਾਜਮਾਰਗਾਂ ਦੇ ਸੁੰਦਰੀਕਰਣ ਲਈ ਵੱਡੇ ਪੈਮਾਨੇ ‘ਤੇ ਦਰਖਤਰੋਪਣ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ।
ਕੇਂਦਰੀ ਮੰਤਰੀ ਵੱਲੋਂ ਰਾਜ ਸਰਕਾਰ ਨੂੰ ਭੇਜੇ ਗਏ ਪੱਤਰ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਕੌਮੀ ਰਾਜਮਾਰਗਾਂ ਦੇ ਕਿਨਾਰਿਆਂ ‘ਤੇ ਦਰਖਤ ਲਗਾਉਣ ਅਤੇ ਸੁੰਦਰੀਕਰਣ ਦਾ ਕੰਮ ਮਾਨਸੂਨ ਸੈਸ਼ਨ ਦੌਰਾਨ ਉਪਲਬਧ ਥਾਂ ਅਨੁਸਾਰ ਏਜੰਸੀਆਂ ਅਤੇ ਰਾਜ ਦੇ ਜੰਗਲਾਤ ਵਿਭਾਗ ਰਾਹੀਂ ਕੀਤਾ ਜਾਵੇਗਾ। ਇਸ ਸਾਲ ਵੀ ਅਗਾਮੀ ਵੱਰਖਾ ਰੁੱਤ ਵਿੱਚ ਵੱਡੇ ਪੈਮਾਨੇ ‘ਤੇ ਰੁੱਖ ਲਗਾਏ ਜਾਣਗੇ, ਜਿਸ ਦੇ ਲਈ ਖੇਤਰੀ ਇਕਾਈਆਂ ਨੂੰ ਦਿਸ਼ਾ-ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।
ਗੌਰਤਲਬ ਹੈ ਕਿ ਹਾਲ ਹੀ ਵਿੱਚ ਅਨਿਲ ਵਿਜ ਨੇ ਕੌਮੀ ਰਾਜਮਾਰਗ ਦੇ ਸੁੰਦਰੀਕਰਣ ਨੂੰ ਲੈ ਕੇ ਨਿਤਿਨ ਗਡਕਰੀ ਨੂੰ ਪੱਤਰ ਲਿਖਿਆ ਸੀ। ਉਨ੍ਹਾਂ ਨੇ ਵਰਨਣ ਕੀਤਾ ਕਿ ਕੇਂਦਰੀ ਮੰਤਰੀ ਦੇ ਮਾਰਗਦਰਸ਼ਨ ਅਤੇ ਭਾਰਤੀ ਕੌਮੀ ਰਾਜਮਾਰਗ ਅਥਾਰਿਟੀ (ਐਨਐਚਏਆਈ) ਦੇ ਯਤਨਾਂ ਨਾਲ ਹਰਿਆਣਾ ਵਿੱਚ ਪਿਛਲੇ ਸਾਲਾਂ ਵਿੱਚ ਕਈ ਮਹਤੱਵਪੂਰਣ ਕੋਮੀ ਰਾਜਮਾਰਗ ਬਣੇ ਹਨ। ਇੰਨ੍ਹਾਂ ਵਿੱਚ 152-ਡੀ, ਜੰਮੂ ਕਟਰਾ ਐਕਸਪ੍ਰੈਸ ਵੇ, ਪਾਣੀਪਤ-ਰੋਹਤਕ, ਅੰਬਾਲਾ-ਹਿਸਾਰ ਅਤੇ ਪੰਚਕੂਲਾ -ਯਮੁਨਾਨਗਰ ਮਾਰਗ ਪ੍ਰਮੁੱਖ ਹਨ। ਇੰਨ੍ਹਾਂ ਸੜਕਾਂ ਦੇ ਨਿਰਮਾਣ ਨਾਲ ਸੂਬਾਵਾਸੀਆਂ ਨੂੰ ਵੱਡੀ ਸਹੁਲਤ ਮਿਲੀ ਹੈ।
ਅਨਿਲ ਵਿਜ ਨੇ ਇੰਨ੍ਹਾਂ ਕੌਮੀ ਰਾਜਮਾਰਗਾਂ ਦੀ ਸੌਗਾਤ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਰਾਜਮਾਰਗਾਂ ਦੇ ਕਿਨਾਰਿਆਂ ‘ਤੇ ਰੁੱਖਾਂ ਨਾਲ ਵਾਤਾਵਰਣ ਸਰੰਖਣ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਸੜਕਾਂ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ।