ਨਿਊਜ਼ ਡੈਸਕ: ਝਾਰਖੰਡ ਦੇ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਨੇ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ’ਤੇ ਹੋਏ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਇੱਕ ਪੋਸਟ ਸਾਂਝੀ ਕਰਕੇ ਦਾਅਵਾ ਕੀਤਾ ਕਿ ਇਸ ਅਪਰੇਸ਼ਨ ਨੂੰ ਭਾਰਤ ਨੇ ਇਕੱਲੇ ਨਹੀਂ, ਸਗੋਂ ਬ੍ਰਿਟਿਸ਼ ਸਰਕਾਰ ਦੀ ਮਦਦ ਨਾਲ ਅੰਜਾਮ ਦਿੱਤਾ ਸੀ। ਦੁਬੇ ਨੇ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬ੍ਰਿਟਿਸ਼ ਫੌਜ ਦੀ ਸਹਾਇਤਾ ਨਾਲ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕਰਵਾਇਆ, ਜਿਸ ਦੌਰਾਨ ਬ੍ਰਿਟਿਸ਼ ਅਫਸਰ ਅੰਮ੍ਰਿਤਸਰ ਵਿੱਚ ਮੌਜੂਦ ਸਨ।
ਦੁਬੇ ਨੇ ਇੱਕ ਗੁਪਤ ਬ੍ਰਿਟਿਸ਼ ਦਸਤਾਵੇਜ਼ ਦਾ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ 1984 ਵਿੱਚ ਭਾਰਤ ਸਰਕਾਰ ਨੇ ਸਿੱਖ ਚਰਮਪੰਥੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਹਟਾਉਣ ਲਈ ਬ੍ਰਿਟੇਨ ਤੋਂ ਸਹਾਇਤਾ ਮੰਗੀ ਸੀ। ਇਸ ਬੇਨਤੀ ’ਤੇ ਬ੍ਰਿਟਿਸ਼ ਸਪੈਸ਼ਲ ਏਅਰ ਸਰਵਿਸ (SAS) ਦੇ ਇੱਕ ਅਫਸਰ ਨੂੰ ਭਾਰਤ ਭੇਜਿਆ ਗਿਆ ਸੀ। ਦੁਬੇ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਸਿੱਖ ਭਾਈਚਾਰੇ ਨੂੰ ਸਿਆਸੀ ਮੋਹਰੇ ਵਜੋਂ ਵਰਤਿਆ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਪਹਿਲਾਂ ਖੜ੍ਹਾ ਕੀਤਾ, ਫਿਰ ਸਿੱਖਾਂ ਦੇ ਪਵਿੱਤਰ ਸਥਾਨ ’ਤੇ ਹਮਲਾ ਕਰਕੇ ਉਸ ਨੂੰ ਖਤਮ ਕਰ ਦਿੱਤਾ।
ਦੁਬੇ ਨੇ ਕਾਂਗਰਸ ’ਤੇ ਸਿੱਖ ਭਾਈਚਾਰੇ ਨਾਲ ‘ਧੋਖਾ’ ਕਰਨ ਦੇ ਤਿੰਨ ਮੁੱਖ ਇਲਜ਼ਾਮ ਲਾਏ:
ਕਰਤਾਰਪੁਰ ਸਾਹਿਬ (1947–1960): ਦੁਬੇ ਨੇ ਦਾਅਵਾ ਕੀਤਾ ਕਿ ਸਰਦਾਰ ਸਵਰਨ ਸਿੰਘ ਨੇ 1960 ਦੇ ਸਮਝੌਤੇ ਨਾਲ ਕਰਤਾਰਪੁਰ ਸਾਹਿਬ ਪਾਕਿਸਤਾਨ ਨੂੰ ਸੌਂਪਿਆ। ਹਾਲਾਂਕਿ, ਇਤਿਹਾਸਕ ਤੱਥਾਂ ਅਨੁਸਾਰ, ਕਰਤਾਰਪੁਰ ਸਾਹਿਬ 1947 ਦੀ ਵੰਡ ਦੌਰਾਨ ਪਾਕਿਸਤਾਨ ਦੇ ਹਿੱਸੇ ਵਿੱਚ ਗਿਆ ਸੀ।
ਗਿਆਨੀ ਜ਼ੈਲ ਸਿੰਘ ਦੀ ਰਾਸ਼ਟਰਪਤੀ ਨਿਯੁਕਤੀ (1984): ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸਿੱਖ ਭਾਈਚਾਰੇ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਕਾਂਗਰਸ ਨੇ ਗਿਆਨੀ ਜ਼ੈਲ ਸਿੰਘ ਨੂੰ ਰਾਸ਼ਟਰਪਤੀ ਬਣਾਇਆ।
ਮਨਮੋਹਨ ਸਿੰਘ ਦੀ ਪ੍ਰਧਾਨ ਮੰਤਰੀ ਨਿਯੁਕਤੀ (2004): 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਸ਼ਾਮਲ ਕਾਂਗਰਸ ਨੇਤਾਵਾਂ—ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਐਚ.ਕੇ.ਐਲ. ਭਗਤ—ਨੂੰ ਬਚਾਉਣ ਲਈ ਮਨਮੋਹਨ ਸਿੰਘ ਨੂੰ ‘ਕਠਪੁਤਲੀ’ ਪ੍ਰਧਾਨ ਮੰਤਰੀ ਬਣਾਇਆ।
ਆਪਰੇਸ਼ਨ ਬਲੂ ਸਟਾਰ: ਮੁੱਖ ਜਾਣਕਾਰੀ
ਆਪਰੇਸ਼ਨ ਬਲੂ ਸਟਾਰ 3 ਤੋਂ 7 ਜੂਨ 1984 ਨੂੰ ਚੱਲਿਆ, ਜਿਸ ਦੀ ਅਗਵਾਈ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਨੇ ਕੀਤੀ। ਸਰਕਾਰੀ ਅੰਕੜਿਆਂ ਅਨੁਸਾਰ, 492 ਆਮ ਨਾਗਰਿਕਾਂ ਦੀ ਜਾਨ ਗਈ, 83 ਫੌਜੀ ਸ਼ਹੀਦ ਹੋਏ, 249 ਜ਼ਖਮੀ ਹੋਏ ਅਤੇ 1592 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ’ਤੇ ਵੱਡੇ ਪੱਧਰ ’ਤੇ ਨੁਕਸਾਨ ਹੋਇਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਜਰਨਲ ਸੁਬੇਗ ਸਿੰਘ ਸਮੇਤ ਕਈ ਸਿੱਖ ਸ਼ਹੀਦ ਹੋਏ। ਇਸ ਘਟਨਾ ਨੂੰ ਸਿੱਖ ਸੰਗਤ ਹਰ ਸਾਲ 1 ਤੋਂ 6 ਜੂਨ ਤੱਕ ‘ਘੱਲੂਘਾਰਾ ਦਿਵਸ’ ਵਜੋਂ ਮਨਾਉਂਦੀ ਹੈ।