ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਪੱਸ਼ਟ ਸ਼ਬਦਾਂ ਵਿੱਚ ਸਮਝਾਇਆ ਹੈ ਕਿ ਭਾਰਤ ਨੂੰ ਚੀਨ ਵਰਗਾ ਵਿਰੋਧੀ ਨਹੀਂ, ਸਗੋਂ ਇੱਕ ਕੀਮਤੀ ਸੁਤੰਤਰ ਅਤੇ ਲੋਕਤੰਤਰੀ ਸਾਥੀ ਸਮਝਣਾ ਚਾਹੀਦਾ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਪਿਛਲੇ 25 ਸਾਲਾਂ ਦੀ ਭਾਰਤ ਨਾਲ ਬਣੀ ਸਾਂਝੇਦਾਰੀ ਦੀ ਰਫਤਾਰ ਨੂੰ ਰੋਕਦਾ ਹੈ, ਤਾਂ ਇਹ ਇੱਕ ਰਣਨੀਤਕ ਆਫਤ ਸਾਬਤ ਹੋਵੇਗੀ।
ਨਿੱਕੀ ਹੇਲੀ ਨੇ ਨਿਊਜ਼ਵੀਕ ਵਿੱਚ ਆਪਣੇ ਲੇਖ ਵਿੱਚ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੀ ਮਜ਼ਬੂਤ ਸਾਂਝੇਦਾਰੀ ਚੀਨ ਦਾ ਮੁਕਾਬਲਾ ਕਰਨ ਲਈ ਸਪੱਸ਼ਟ ਚੋਣ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਅਤੇ ਇਸ ਦਾ ਵਧਣਾ ਸੁਤੰਤਰ ਦੁਨੀਆਂ ਲਈ ਕੋਈ ਖਤਰਾ ਨਹੀਂ, ਜਦਕਿ ਕਮਿਊਨਿਸਟ ਸ਼ਾਸਨ ਅਧੀਨ ਚੱਲਣ ਵਾਲੇ ਚੀਨ ਦੀ ਤਾਕਤ ਵਧਣਾ ਦੁਨੀਆਂ ਲਈ ਚੁਣੌਤੀ ਹੈ।
ਭਾਰਤ: ਅਮਰੀਕਾ ਦਾ ਅਹਿਮ ਸਹਿਯੋਗੀ
ਹੇਲੀ ਨੇ ਕਿਹਾ ਕਿ ਭਾਰਤ ਅਮਰੀਕਾ ਦਾ ਅਹਿਮ ਸਹਿਯੋਗੀ ਬਣ ਸਕਦਾ ਹੈ, ਜਦਕਿ ਚੀਨ ਰੂਸ ਤੋਂ ਤੇਲ ਖਰੀਦ ਕੇ ਪਾਬੰਦੀਆਂ ਤੋਂ ਬਚ ਰਿਹਾ ਹੈ ਅਤੇ ਮਾਸਕੋ ਦਾ ਸਭ ਤੋਂ ਵੱਡਾ ਗਾਹਕ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਅਮਰੀਕਾ ਨੂੰ ਏਸ਼ੀਆ ਵਿੱਚ ਚੀਨ ਦਾ ਮੁਕਾਬਲਾ ਕਰਨਾ ਹੈ, ਤਾਂ ਭਾਰਤ ਹੀ ਇਕੱਲਾ ਦੇਸ਼ ਹੈ ਜੋ ਇਸ ਸੰਤੁਲਨ ਨੂੰ ਬਣਾ ਸਕਦਾ ਹੈ।
ਹੇਲੀ ਨੇ ਅੱਗੇ ਕਿਹਾ ਕਿ ਭਾਰਤ ਕੋਲ ਚੀਨ ਦੀ ਤਰ੍ਹਾਂ ਵੱਡੇ ਪੱਧਰ ‘ਤੇ ਸਮਾਨ ਬਣਾਉਣ ਦੀ ਸਮਰੱਥਾ ਹੈ। ਇਸ ਨਾਲ ਅਮਰੀਕਾ ਨੂੰ ਆਪਣੀ ਸਪਲਾਈ ਚੇਨ ਨੂੰ ਚੀਨ ਤੋਂ ਹਟਾ ਕੇ ਭਾਰਤ ਵੱਲ ਮੋੜਨ ਵਿੱਚ ਮਦਦ ਮਿਲੇਗੀ। ਭਾਰਤ ਕੱਪੜੇ, ਸਸਤੇ ਫੋਨ, ਅਤੇ ਸੋਲਰ ਪੈਨਲ ਵਰਗੇ ਉਤਪਾਦ ਵੱਡੇ ਪੱਧਰ ‘ਤੇ ਬਣਾ ਸਕਦਾ ਹੈ, ਜੋ ਅਮਰੀਕਾ ਖੁਦ ਤੁਰੰਤ ਜਾਂ ਵੱਡੇ ਪੈਮਾਨੇ ‘ਤੇ ਨਹੀਂ ਬਣਾ ਸਕਦਾ।
ਨਿੱਕੀ ਹੇਲੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਵਧਦੀ ਰੱਖਿਆ ਸਮਰੱਥਾ ਅਤੇ ਮਿਡਲ ਈਸਟ ਵਿੱਚ ਉਸ ਦੀ ਭੂਮਿਕਾ ਇਸ ਖੇਤਰ ਨੂੰ ਸਥਿਰ ਕਰਨ ਵਿੱਚ ਅਹਿਮ ਸਾਬਤ ਹੋ ਸਕਦੀ ਹੈ। ਖਾਸਕਰ ਜਦੋਂ ਅਮਰੀਕਾ ਉੱਥੇ ਆਪਣੇ ਸੈਨਿਕਾਂ ਅਤੇ ਖਰਚਿਆਂ ਨੂੰ ਘਟਾਉਣਾ ਚਾਹੁੰਦਾ ਹੈ। ਭਾਰਤ ਦੀ ਭੂਗੋਲਿਕ ਸਥਿਤੀ ਚੀਨ ਦੇ ਵਪਾਰ ਅਤੇ ਊਰਜਾ ਸਪਲਾਈ ਮਾਰਗਾਂ ‘ਤੇ ਦਬਾਅ ਪਾ ਸਕਦੀ ਹੈ, ਜੋ ਕਿਸੇ ਵੱਡੇ ਸੰਘਰਸ਼ ਦੀ ਸਥਿਤੀ ਵਿੱਚ ਚੀਨ ਦੇ ਵਿਕਲਪਾਂ ਨੂੰ ਸੀਮਤ ਕਰ ਸਕਦੀ ਹੈ।
ਹੇਲੀ ਨੇ ਕਿਹਾ ਕਿ ਭਾਰਤ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਵੱਡੀ ਅਰਥਵਿਵਸਥਾ ਹੈ ਅਤੇ ਜਲਦੀ ਹੀ ਜਾਪਾਨ ਨੂੰ ਪਛਾੜ ਦੇਵੇਗਾ। ਭਾਰਤ ਦਾ ਵਧਣਾ ਚੀਨ ਦੀ ਉਸ ਚਾਲਾਂ ਨੂੰ ਰੋਕੇਗਾ, ਜਿਸ ਵਿੱਚ ਉਹ ਵਿਸ਼ਵ ਵਿਵਸਥਾ ਨੂੰ ਆਪਣੇ ਹਿਸਾਬ ਨਾਲ ਢਾਲਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ, “ਜਿਵੇਂ-ਜਿਵੇਂ ਭਾਰਤ ਮਜ਼ਬੂਤ ਹੋਵੇਗਾ, ਚੀਨ ਦੀਆਂ ਇੱਛਾਵਾਂ ਘਟਦੀਆਂ ਜਾਣਗੀਆਂ।”