ਪਟਿਆਲਾ: ਅਦਾਲਤ ਵਿੱਚ ਜੱਜ ਦੇ ਸਾਹਮਣੇ ਨਿਹੰਗ ਵਲੋਂ ਕਿਰਪਾਨ ਲਹਿਰਾਉਣ ਦੇ ਮਾਮਲੇ ਵਿੱਚ ਇੱਕ ਸੁਰੱਖਿਆ ਮੁਲਾਜ਼ਮ ਨੂੰ ਮੁਅਤਲ ਕਰਕੇ ਉਸ ਦੇ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਦੀ ਪਛਾਣ ਗੁਰਪਾਲ ਸਿੰਘ ਵਜੋਂ ਹੋਈ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਮਹਿਲਾ ਜੱਜ ਆਪਣੇ ਕੋਰਟ ਰੂਮ ਵਿੱਚ ਇੱਕ ਕੇਸ ਦੀ ਸੁਣਵਾਈ ਕਰ ਰਹੀ ਸੀ। ਅਚਾਨਕ, ਨਿਹੰਗ ਸਿੰਘ ਕੋਰਟ ਰੂਮ ਵਿੱਚ ਦਾਖ਼ਲ ਹੋਇਆ ਅਤੇ ਜੱਜ ਦੇ ਸਾਹਮਣੇ ਪਹੁੰਚ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।ਅਦਾਲਤ ਪਰਿਸਰ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਲਾਹੌਰੀ ਗੇਟ ਥਾਣੇ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਆਰੋਪੀ ਨਿਹੰਗ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਗੋਬਿੰਦ ਨਗਰ ਨਿਵਾਸੀ ਗੁਰਪਾਲ ਸਿੰਘ ਬੀਤੇ ਦਿਨ ਜਿਲਾ ਅਦਾਲਤ ਵਿੱਚ ਆਇਆ ਸੀ। ਅਦਾਲਤ ਵਿੱਚ ਦਾਖਲ ਹੋਣ ਲੱਗਿਆਂ ਗੇਟ ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਵੱਲੋਂ ਇਸ ਦੀ ਤਲਾਸ਼ੀ ਲਈ ਗਈ ਅਤੇ ਇਸ ਦੇ ਹੱਥ ਵਿੱਚ ਮੌਜੂਦ ਵੱਡੀ ਕਿਰਪਾਨ ਉਤਰਵਾ ਲਈ ਗਈ ਸੀ।ਜਦੋਂ ਕਿ ਗੁਰਪਾਲ ਸਿੰਘ ਕੋਲ ਇੱਕ ਛੋਟੇ ਸ੍ਰੀ ਸਾਹਿਬ ਵੀ ਮੌਜੂਦ ਸੀ। ਨਿਹੰਗ ਦੇ ਬਾਣੇ ਵਿਚ ਗੁਰਪਾਲ ਸਿੰਘ ਮਾਨਯੋਗ ਜੱਜ ਨਵਦੀਪ ਕੌਰ ਗਿੱਲ ਦੀ ਅਦਾਲਤ ਵਿੱਚ ਦਾਖ਼ਲ ਹੋਇਆ ਅਤੇ ਸ਼੍ਰੀ ਸਾਹਿਬ ਕੱਢ ਕੇ ਜੱਜ ਦੇ ਡਾਇਸ ਤੱਕ ਪਹੁੰਚ ਗਿਆ। ਗੁਰਪਾਲ ਨੂੰ ਅਦਾਲਤ ਵਿੱਚ ਮੌਜੂਦ ਸਟਾਫ ਵੱਲੋਂ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਸੀ। ਸਤਨਾਮ ਸਿੰਘ ਨੇ ਦੱਸਿਆ ਕਿ ਗੁਰਪਾਲ ‘ਤੇ ਪੁਲਿਸ ਵੱਲੋਂ ਧਾਰਾ 109, 132, 201 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ‘ਤੇ ਕਾਰਵਾਈ ਜਾਰੀ ਹੈ। ਨਾਲ ਹੀ, ਕੋਰਟ ਦੀ ਸੁਰੱਖਿਆ ‘ਤੇ ਮੌਜੂਦ ਅਧਿਕਾਰੀ ‘ਤੇ ਵੀ ਕਾਰਵਾਈ ਕੀਤੀ ਗਈ ਹੈ। ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਕਿਉਂਕਿ ਉਸ ਨੇ ਬਿਨਾਂ ਜਾਂਚ-ਪੜਤਾਲ ਕੀਤੇ ਨਿਹੰਗ ਨੂੰ ਅੰਦਰ ਜਾਣ ਦਿੱਤਾ, ਨਾ ਹੀ ਪੁੱਛਿਆ ਕਿ ਉਸ ਦੀ ਕੋਈ ਪੇਸ਼ੀ ਸੀ ਜਾਂ ਨਹੀਂ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।