ਚੰਡੀਗੜ੍ਹ – ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਨੂੰ ਅਜੇ ਸੂਬੇ ਦੀ ਵਾਗ ਡੋਰ ਸੰਭਾਲੇ ਕੁਝ ਦਿਨ ਹੀ ਹੋਏ ਹਨ ਪਰ ਮੁਲਾਜ਼ਮ ਇੱਕ ਵਾਰ ਫੇਰ ਸੜਕਾਂ ਤੇ ਆ ਗਏ ਹਨ।
ਪੁਲੀਸ ਵਿੱਚ ਨਵੇਂ ਭਰਤੀ ਹੋਏ ਕਾਂਸਟੇਬਲਾਂ ਨੇ ਚੰਡੀਗਡ਼੍ਹ ਮੁੱਖਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੂੰ ਆਪਣੀ ਜੁਆਇਨਿੰਗ ਨੂੰ ਲੈ ਕੇ ਘਿਰਾਓ ਕੀਤਾ। ਮੁੱਖ ਮੰਤਰੀ ਅੱਜ ਪ੍ਰਧਾਨਮੰਤਰੀ ਮੋਦੀ ਨੂੰ ਮਿਲਣ ਦਿੱਲੀ ਗਏ ਹੋਏ ਸਨ ਤੇ ਉਹ ਆਪਣੀ ਰਿਹਾਇਸ਼ ਤੇ ਨਹੀਂ ਸਨ।
ਪੰਜਾਬ ਪੁਲੀਸ ਵਿੱਚ ਭਰਤੀ ਹੋਏ ਨਵੇਂ ਕਾਂਸਟੇਬਲ ਜੁਆਇਨਿੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਤੇ ਜ਼ੋਰ ਪਾ ਰਹੇ ਸਨ। ਪਰ ਉਨ੍ਹਾਂ ਦਾ ਰਿਹਾਇਸ਼ ਤੇ ਗੈਰ ਹਾਜ਼ਰ ਹੋਣ ਕਾਰਨ ਉੱਥੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਚਲੇ ਗਏ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਨੇ 25 ਨਵੀਆਂ ਅਸਾਮੀਆਂ ਭਰਨ ਦਾ ਐਲਾਨ ਕੀਤਾ ਹੈ ।
ਦੱਸ ਦੇਈਏ ਕਿ ਪੁਲੀਸ ਕਾਂਸਟੇਬਲਾਂ ਦੀਆਂ ਇਹ ਭਰਤੀਆਂ ਸਾਲ 2021 ਵਿੱਚ ਕੱਢੀਆਂ ਗਈਆਂ ਸਨ। ਉਸ ਸਮੇਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ। ਬਾਅਦ ਵਿੱਚ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਲਾਇਆ ਗਿਆ ਸੀ ਤੇ ਉਨ੍ਹਾਂ ਦੇ ਕਾਰਜਕਾਲ ਵੇਲੇ ਬਾਕੀ ਲੋੜੀਂਦੀਆਂ ਰਸਮਾਂ ਵੀ ਪੂਰੀਆਂ ਹੋ ਗਈਆਂ ਸਨ।
ਪੰਜਾਬ ਦੇ ਵੱਖ ਵੱਖ ਹਿੱਸਿਆਂ ਬਠਿੰਡਾ, ਜਲੰਧਰ, ਫਿਰੋਜ਼ਪੁਰ ਅਤੇ ਹੁਸ਼ਿਆਰਪੁਰ ਤੋਂ ਆਏ ਕਾਂਸਟੇਬਲਾਂ ਨੇ ਦੱਸਿਆ ਕਿ ਚੀਨੀ ਸਰਕਾਰ ਵੇਲੇ ਉਨ੍ਹਾਂ ਨੂੰ ਪੋਸਟਿੰਗ ਦੀ ਦਿੱਤੀ ਗਈ ਸੀ ਪਰ ਜੁਆਇਨਿੰਗ ਨਹੀਂ ਸੀ ਕਰਾਈ ਗਈ। ਨਵੀਂ ਭਰਤੀ ਵਾਲੇ ਕਾਂਸਟੇਬਲਾਂ ਨੇ ਦੱਸਿਆ ਕਿ ਚੋਣ ਜ਼ਾਬਤਾ ਲਾਗੂ ਹੋ ਜਾਣ ਕਾਰਨ ਉਨ੍ਹਾਂ ਦੀ ਜੁਆਈਨਿੰਗ ਰੁਕ ਗਈ ਸੀ। ਨੌਜਵਾਨਾਂ ਨੇ ਕਿਹਾ ਕਿਉਂਕਿ ਪੰਜਾਬ ਸੂਬੇ ਵਿੱਚ ਨਵੀਂ ਸਰਕਾਰ ਬਣ ਕਹੀ ਹੈ ਇਸ ਲਈ ਉਨ੍ਹਾਂ ਦੀ ਜੁਆਇਨਿੰਗ ਜਲਦੀ ਕਰਵਾਈ ਜਾਵੇ।