ਨਿਊਯਾਰਕ: ਨਿਊਯਾਰਕ ਵਿੱਚ ਨਸਲਵਾਦ ਨੂੰ ਪਬਲਿਕ ਹੈਲਥ ਕਰਾਈਸਿਸ ਐਲਾਨ ਦਿੱਤਾ ਗਿਆ ਹੈ। ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚ ਸ਼ਾਮਲ ਨਿਊਯਾਰਕ ਵਿੱਚ ਇਹ ਵੱਡਾ ਕਦਮ ਇੱਕ ਰਿਪੋਰਟ ਪੇਸ਼ ਹੋਣ ਦੇ ਸਿਰਫ 17 ਦਿਨ ਬਾਅਦ ਚੁੱਕਿਆ ਗਿਆ ਹੈ।
ਇਸ ਰਿਪੋਰਟ ਵਿੱਚ ਪਤਾ ਲੱਗਿਆ ਹੈ ਕਿ ਨਿਊਯਾਰਕ ਵਿਚਲੀਆਂ ਗੈਰ-ਗੋਰੀਆਂ ਗਰਭਵਤੀ ਔਰਤਾਂ ਦੀ ਮੌਤ ਦਰ ਗੋਰੀਆਂ ਗਰਭਵਤੀ ਔਰਤਾਂ ਦੇ ਮੁਕਾਬਲੇ ਅੱਠ ਗੁਣਾ ਵੱਧ ਹੁੰਦੀ ਹੈ। ਗੈਰ-ਗੋਰੀਆਂ ਔਰਤਾਂ ਨੂੰ ਸਭ ਸਿਹਤ ਸਹੂਲਤਾਂ ਵੀ ਨਹੀਂ ਮਿਲਦੀਆਂ।
ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਹੈਲਥ ਕੇਅਰ ਸਿਸਟਮ ਵਿੱਚ ਕਈ ਬਦਲਾਅ ਕਰਦੇ ਹੋਏ ਕਈ ਕਾਨੂੰਨਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿੱਚ ਗੈਰ-ਗੋਰੇ ਤੇ ਨਸਲੀ ਘੱਟਗਿਣਤੀਆਂ ਵਰਗੇ ਏਸ਼ੀਆਈ ਅਤੇ ਦੱਖਣੀ ਅਮਰੀਕੀ ਲੋਕਾਂ ਨੂੰ ਸਮੁੱਚੀਆਂ ਸਿਹਤ ਸੇਵਾਵਾਂ ਦੇਣ ਦਾ ਟੀਚਾ ਰੱਖਿਆ ਗਿਆ ਹੈ।
ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਗੈਰ-ਗੋਰੇ ਅਤੇ ਹੋਰ ਨਸਲੀ ਘੱਟਗਿਣਤੀਆਂ ਨਾਲ ਸਿਹਤ ਸੇਵਾਵਾਂ ਵਿੱਚ ਵਿਤਕਰਾ ਕੀਤਾ ਗਿਆ ਸੀ। ਨਵੇਂ ਕਾਨੂੰਨਾਂ ਅਨੁਸਾਰ ਪੁਲਸ ਅਤੇ ਹੋਰ ਜਾਂਚ ਏਜੰਸੀਆਂ ਨੂੰ ਹੇਟ ਕਰਾਈਮ ਦੀ ਪਰਿਭਾਸ਼ਾ ਨੂੰ ਵਿਸਥਾਰ ਦੇਣਾ ਹੋਵੇਗਾ। ਨਸਲੀ ਘੱਟਗਿਣਤੀਆਂ ਨੂੰ ਪੇਸ਼ ਆਉਂਦੀ ਭਾਸ਼ਾ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਟੈਕਨਾਲੋਜੀ ਐਪ ਵਿੱਚ ਸੁਧਾਰ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।