ਨਿਊਜ਼ ਡੈਸਕ : ਨਵਾਂ ਸਾਲ ਆ ਰਿਹਾ ਹੈ ਅਤੇ ਨਵੇਂ ਸਾਲ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਬਹੁਤ ਸਾਰੇ ਬਦਲਾਅ ਵੇਖੇ ਜਾ ਰਹੇ ਹਨ। ਅਜਿਹੀ ਹੀ ਇਕ ਤਬਦੀਲੀ ਯੂਰਪ ਦੇ ਇਕ ਦੇਸ਼ ਨੀਦਰਲੈਂਡਜ਼ ਵਿਚ ਹੋ ਰਹੀ ਹੈ। ਜਾਣਕਾਰੀ ਮੁਤਾਬਿਕ 1 ਜਨਵਰੀ ਤੋਂ, ਉਹ ਆਪਣਾ ਉਪਨਾਮ (ਹਾਲੈਂਡ) ਤਿਆਗ ਦੇਵੇਗਾ। ਦੱਸਣਯੋਗ ਹੈ ਕਿ ਵਰਤਮਾਨ ਵਿੱਚ ਬਹੁਤ ਸਾਰੇ ਲੋਕ ਨੀਦਰਲੈਂਡਜ਼ ਨੂੰ ਹਾਲੈਂਡ ਕਹਿੰਦੇ ਹਨ।
ਇਸ ਤੋਂ ਇਲਾਵਾ ਦੇਸ਼ ਦੀ ਸੈਰ-ਸਪਾਟਾ ਵੈਬਸਾਈਟ ਦਾ ਨਾਮ ਵੀ ਹੌਲੈਂਡ ਡਾਟ ਕਾਮ (Holland.com) ਹੈ। ਜਨਵਰੀ 2020 ਤੋਂ ਨੀਦਰਲੈਂਡ ਦੀਆਂ ਸਾਰੀਆਂ ਕੰਪਨੀਆਂ, ਦੂਤਾਵਾਸਾਂ, ਮੰਤਰਾਲਿਆਂ ਅਤੇ ਯੂਨੀਵਰਸਿਟੀਆਂ ਤੋਂ ਅਧਿਕਾਰਤ ਤੌਰ ‘ਤੇ ਇਹ ਨਾਮ ਹਟਾ ਦਿੱਤਾ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਿਕ ਸਰਕਾਰ ਨੇ ਦੇਸ਼ ਦਾ ਨਾਮ ਬਦਲਣ ਲਈ ਦੋ ਲੱਖ ਯੂਰੋ ਯਾਨੀ ਤਕਰੀਬਨ ਇਕ ਕਰੋੜ 59 ਲੱਖ ਰੁਪਏ ਦਾ ਬਜਟ ਤੈਅ ਕੀਤਾ ਹੈ।
ਦਰਅਸਲ ਹਾਲੈਂਡ ਨੀਦਰਲੈਂਡ ਦਾ ਇੱਕ ਖੇਤਰ ਹੈ ਜਿਸ ਵਿੱਚ ਐਮਸਟਰਡਮ, ਰਾਟਰਡੈਮ ਅਤੇ ਦਿ ਹੇਗ ਵਰਗੇ ਮਸ਼ਹੂਰ ਡੱਚ ਸ਼ਹਿਰ ਸ਼ਾਮਲ ਹਨ, ਪਰ ਅਕਸਰ ਲੋਕ ਇਸ ਦੇਸ਼ ਨੂੰ ਹਾਲੈਂਡ ਦੇ ਨਾਮ ਨਾਲ ਬੁਲਾਉਂਦੇ ਹਨ। ਦੱਸ ਦੇਈਏ ਕਿ ਹਾਲੈਂਡ ਉਪਨਾਮ ਛੱਡਣ ਦਾ ਕਾਰਨ ਟੋਕਿਓ ਵਿੱਚ 2020 ਦੇ ਓਲੰਪਿਕ ਵਿੱਚ ਹਿੱਸਾ ਲੈਣਾ ਅਤੇ ਯੂਰੋਵਿਜ਼ਨ ਸੌਂਗ ਮੁਕਾਬਲੇ ਦੀ ਮੇਜ਼ਬਾਨੀ ਕਰਨਾ ਦੱਸਿਆ ਜਾ ਰਿਹਾ ਹੈ।