ਚੰਡੀਗੜ੍ਹ: ਹਰਿਆਣਾ ਦੇ ਪਿੰਜੌਰ ਵਿੱਚ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਹੁਣ ਠੀਕ ਹੋ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਆਮ ਹੈ ਅਤੇ ਉਹ ਠੀਕ ਹੋ ਰਹੇ ਹਨ।ਸ਼ਨੀਵਾਰ ਨੂੰ, ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਐਡਵਾਂਸਡ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਗਿਆ ਸੀ।
ਰਾਜਵੀਰ ਜਵੰਦਾ ਦੀ ਸਿਹਤ ‘ਚ ਸੁਧਾਰ ਬਾਰੇ ਕੁਲਵਿੰਦਰ ਬਿੱਲਾ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਵੀਰ ਜਵੰਦਾ ਦੀ ਸਿਹਤ ਵਿਚ ਸੁਧਾਰ ਹੋਇਆ ਹੈ। ਗਾਇਕ ਨੇ ਲੋਕਾਂ ਨੂੰ ਫ਼ੇਕ ਪੋਸਟਾਂ ਪਾ ਕੇ ਲੋਕਾਂ ਨੂੰ ਗੁੰਮਰਾਹ ਨਾ ਕਰਨ ਦੀ ਅਪੀਲ ਕੀਤੀ ਹੈ।
ਇਸ ਦੇ ਨਾਲ ਹੀ ਪੰਜਾਬੀ ਗਾਇਕ ਤਰਸੇਮ ਜੱਸੜ ਨੇ ਦੱਸਿਆ ਕਿ ਸਾਰਿਆਂ ਦੀਆਂ ਅਸੀਸਾਂ ਨਾਲ ਰਾਜਵੀਰ ਕੱਲ੍ਹ ਨਾਲੋਂ ਥੋੜ੍ਹਾ ਰਿਕਵਰ ਹੋਇਆ ਹੈ। ਜੱਸੜ ਨੇ ਇਸ ਵੇਲੇ ਝੂਠੀਆਂ ਖ਼ਬਰਾਂ ਨਾ ਫ਼ੈਲਾਉਣ ਦੀ ਅਪੀਲ ਵੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਰਦਾਸ ਦੀ ਤਾਕਤ ਤੋਂ ਉੱਪਰ ਕੁਝ ਨਹੀਂ ਹੁੰਦਾ, ਇਸ ਲਈ ਸਾਰੇ ਰਾਜਵੀਰ ਦੀ ਤੰਦਰੁਸਤੀ ਲਈ ਅਰਦਾਸ ਕਰੋ।
ਹਾਦਸੇ ਦੀ ਖ਼ਬਰ ਮਿਲਦੇ ਹੀ, ਰਾਜਨੀਤਿਕ ਅਤੇ ਫਿਲਮੀ ਹਸਤੀਆਂ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਪਹੁੰਚੀਆਂ। ਇਨ੍ਹਾਂ ਵਿੱਚ ਪ੍ਰਤਾਪ ਸਿੰਘ ਬਾਜਵਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਈ ਹੋਰ ਆਗੂ ਸ਼ਾਮਿਲ ਸਨ। ਪੰਜਾਬੀ ਗਾਇਕ ਅਤੇ ਕਲਾਕਾਰ ਕੰਵਰ ਗਰੇਵਾਲ, ਗਿੱਪੀ ਗਰੇਵਾਲ, ਮਨਕੀਰਤ ਔਲਖ, ਜੱਸ ਬਾਜਵਾ, ਕੁਲਵਿੰਦਰ ਬਿੱਲਾ, ਕਰਮਜੀਤ ਅਨਮੋਲ, ਸੁਰਜੀਤ ਖਾਨ, ਜੀ ਖਾਨ, ਜੀਤ ਜਗਜੀਤ, ਮਲਵਿੰਦਰ ਸਿੰਘ ਕੰਗ ਅਤੇ ਮਲਕੀਤ ਰੌਨੀ ਹਸਪਤਾਲ ਪਹੁੰਚੇ। ਇਸ ਦੌਰਾਨ, ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ‘ਤੇ ਜਵੰਦਾ ਦੀ ਤੰਦਰੁਸਤੀ ਲਈ ਪ੍ਰਾਰਥਨਾ ਕੀਤੀ ਅਤੇ ਇੰਦਰਜੀਤ ਨਿੱਕੂ ਨੇ ਇੱਕ ਵੀਡੀਓ ਜਾਰੀ ਕੀਤਾ।
ਸਿਰ ਵਿੱਚ ਲੱਗੀ ਗੰਭੀਰ ਸੱਟ
ਜਵੰਦਾ ਆਪਣੀ ਬਾਈਕ ‘ਤੇ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ ਕਿ ਅਚਾਨਕ ਜਾਨਵਰ ਅੱਗੇ ਆਉਣ ਕਰਕੇ ਹਾਦਸਾ ਵਾਪਰ ਗਿਆ ਅਤੇ ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟਾਂ ਲੱਗੀਆਂ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।