ਕਾਠਮੰਡੂ: ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਸ਼ੁੱਕਰਵਾਰ ਅੱਧੀ ਰਾਤ ਨੂੰ ਸੰਸਦ ਭੰਗ ਕਰ ਦਿੱਤੀ। ਇਸ ਤੋਂ ਇਲਾਵਾ 12 ਤੇ 19 ਨਵੰਬਰ ਨੂੰ ਆਮ ਚੋਣਾਂ ਕਰਵਾਉਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੰਨਿਆ ਕਿ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਤੇ ਵਿਰੋਧੀ ਗੱਠਜੋੜ ਦੋਵੇਂ ਸਰਕਾਰ ਬਣਾਉਣ ਦੀ ਹਾਲਤ ਵਿੱਚ ਨਹੀਂ ਹਨ। ਭੰਡਾਰੀ ਦੇ ਇਸ ਐਲਾਨ ਤੋਂ ਪਹਿਲਾਂ ਪ੍ਰਧਾਨਮੰਤਰੀ ਓਲੀ ਨੇ ਮੰਤਰੀ ਮੰਡਲ ਦੀ ਐਮਰਜੈਂਸੀ ਬੈਠਕ ਤੋਂ ਬਾਅਦ 275 ਮੈਂਬਰੀ ਸਦਨ ਨੂੰ ਭੰਗ ਕਰਨ ਦੀ ਸਿਫ਼ਾਰਿਸ਼ ਕੀਤੀ ਸੀ।
ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਸੰਸਦ ਨੂੰ ਭੰਗ ਕਰ ਦਿੱਤਾ ਗਿਆ ਹੈ ਤੇ ਨੇਪਾਲ ਦੇ ਸਵਿਧਾਨ ਦੇ ਆਰਟੀਕਲ 76 (7) ਦੇ ਆਧਾਰ ਤੇ ਮੱਧਕਾਲੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ।
ਮੰਤਰੀਮੰਡਲ ਨੇ ਪਹਿਲੇ ਪੜਾਅ ਦੀਆਂ ਚੋਣਾਂ 12 ਨਵੰਬਰ ਅਤੇ ਦੂੱਜੇ ਪੜਾਅ ਦੀਆਂ ਚੋਣਾਂ 19 ਨਵੰਬਰ ਨੂੰ ਕਰਵਾਉਣ ਦੀ ਸਿਫਾਰਿਸ਼ ਕੀਤੀ। ਦੱਸ ਦਈਏ ਕਿ ਅਜਿਹਾ ਦੂਸਰੀ ਵਾਰ ਹੈ ਜਦੋਂ ਰਾਸ਼ਟਰਪਤੀ ਭੰਡਾਰੀ ਨੇ ਸਿਆਸੀ ਸੰਕਟ ਤੋਂ ਬਾਅਦ ਪ੍ਰਧਾਨਮੰਤਰੀ ਓਲੀ ਦੀ ਸਿਫ਼ਾਰਸ਼ ‘ਤੇ ਸੰਸਦ ਭੰਗ ਕੀਤੀ ਹੈ। ਪਿਛਲੀ 20 ਦਸੰਬਰ ਨੂੰ ਵੀ ਭੰਡਾਰੀ ਨੇ ਸੰਸਦ ਭੰਗ ਕੀਤੀ ਸੀ ਪਰ ਬਾਅਦ ‘ਚ ਫਰਵਰੀ ਵਿੱਚ ਉੱਚ ਅਦਾਲਤ ਨੇ ਇਸ ਨੂੰ ਫਿਰ ਬਹਾਲ ਕਰ ਦਿੱਤਾ ਸੀ।