ਨਵੀਂ ਦਿੱਲੀ: NEET-PG 2021 ਕਾਉਂਸਲਿੰਗ ਵਿੱਚ ਦੇਰੀ ਨੂੰ ਲੈ ਕੇ ਦਿੱਲੀ ਵਿੱਚ ਵੱਡੀ ਗਿਣਤੀ ਵਿੱਚ ਰੈਜ਼ੀਡੈਂਟ ਡਾਕਟਰਾਂ ਨੇ ਪ੍ਰਦਰਸ਼ਨ ਕੀਤਾ ਅਤੇ ਇਸ ਦੌਰਾਨ ਸੜਕਾਂ ‘ਤੇ ਪੁਲਿਸ ਅਤੇ ਡਾਕਟਰਾਂ ਵਿੱਚ ਝੜਪ ਹੋ ਗਈ।
ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਨੇ 29 ਦਸੰਬਰ ਨੂੰ ਸਵੇਰੇ 8 ਵਜੇ ਤੋਂ ਦੇਸ਼ ਭਰ ਦੀਆਂ ਸਾਰੀਆਂ ਸਿਹਤ ਸੇਵਾਵਾਂ ਨੂੰ ਮੁਕੰਮਲ ਤੌਰ ‘ਤੇ ਬੰਦ ਕਰਨ ਦਾ ਸੱਦਾ ਦਿੱਤਾ ਹੈ। ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਪਿਛਲੇ ਕਈ ਦਿਨਾਂ ਤੋਂ ਰੋਸ ਪ੍ਰਦਰਸ਼ਨ ਕਰ ਰਹੀ ਹੈ। ਦੋਵਾਂ ਧਿਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਕਈ ਲੋਕ ਜ਼ਖ਼ਮੀ ਹੋਏ ਹਨ। ਫੈਡਰੇਸ਼ਨ ਨੇ ਕਿਹਾ ਹੈ ਕਿ ਉਹ ਦਿੱਲੀ ਪੁਲਿਸ ਦੇ ਬੇਰਹਿਮ ਰਵੱਈਏ ਦੇ ਵਿਰੋਧ ਵਿੱਚ ਇਹ ਹੜਤਾਲ ਕਰ ਰਹੀ ਹੈ।
ਦੂਜੇ ਪਾਸੇ ਪੁਲਿਸ ਨੇ ਲਾਠੀਚਾਰਜ ਕਰਨ ਜਾਂ ਅਪਸ਼ਬਦ ਬੋਲਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ 12 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਬਾਅਦ ਵਿੱਚ ਛੱਡ ਦਿੱਤਾ ਗਿਆ।
ਦੱਸਣਯੋਗ ਹੈ ਕਿ ਰਾਸ਼ਟਰੀ ਰਾਜਧਾਨੀ ਵਿੱਚ ਡਾਕਟਰਾਂ ਦਾ ਅੰਦੋਲਨ ਜਾਰੀ ਰਹਿਣ ਕਾਰਨ ਤਿੰਨ ਕੇਂਦਰੀ ਹਸਪਤਾਲਾਂ- ਸਫਦਰਜੰਗ, ਆਰਐਮਐਲ ਅਤੇ ਲੇਡੀ ਹਾਰਡਿੰਗ ਹਸਪਤਾਲਾਂ ਦੇ ਨਾਲ-ਨਾਲ ਦਿੱਲੀ ਦੇ ਕੁਝ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਇਲਾਜ ਪ੍ਰਭਾਵਿਤ ਹੋਇਆ ਹੈ।