ਪੰਚਕੂਲਾ : ਟੋਕੀਓ ਓਲੰਪਿਕਸ ਵਿੱਚ ਭਾਰਤ ਲਈ ਸੋਨੇ ਦਾ ਤਮਗਾ ਜਿੱਤ ਕੇ ਲਿਆਉਣ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੀ ਸਿਹਤ ਵਿਗੜ ਗਈ ਹੈ। ਤੇਜ਼ ਬੁਖਾਰ ਦੇ ਕਾਰਨ ਉਹ ਅੱਜ ਹਰਿਆਣਾ ਸਰਕਾਰ ਦੇ ਸਨਮਾਨ ਸਮਾਗਮ ਵਿੱਚ ਵੀ ਸ਼ਾਮਲ ਨਹੀਂ ਹੋ ਸਕੇ।
ਜਿਸ ਕਾਰਨ ਨੀਰਜ ਆਪਣੇ ਪਾਣੀਪਤ ਸਥਿਤ ਘਰ ਤੋਂ ਆਨਲਾਈਨ ਸਮਾਗਮ ‘ਚ ਹਿੱਸਾ ਲਿਆ। ਇਸ ਤੋਂ ਇਲਾਵਾ ਸਮਾਗਮ ਵਿੱਚ ਰਵੀ ਦਹਿਆ, ਬਜਰੰਗ ਪੂਨੀਆ ਸਣੇ ਹਰਿਆਣੇ ਦੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਅਤੇ ਖੇਡਾਂ ਦੇ ਮਹਾਕੁੰਭ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਹਰਿਆਣਾ ਸਰਕਾਰ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਿਪਟੀ ਸੀਐੱਮ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸਾਰੇ ਖਿਡਾਰੀਆਂ ਲਈ ਐਲਾਨਿਆ ਗਿਆ ਨਕਦੀ ਇਨਾਮ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਉਨ੍ਹਾਂ ਦੇ ਖਾਤਿਆਂ ਵਿੱਚ ਪਹੁੰਚ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਖਿਡਾਰੀਆਂ ਨੇ ਆਪਣੇ ਸੂਬੇ ਦੇ ਨਾਲ-ਨਾਲ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।
ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਪਣੇ ਛੋਟੇ ਭਰਾ ਦੇ ਦੇਹਾਂਤ ਕਾਰਨ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ, ਉਨ੍ਹਾਂ ਦੇ ਭਰਾ ਦਾ ਅੱਜ ਰੋਹਤਕ ਵਿਖੇ ਸਸਕਾਰ ਹੋਣਾ ਸੀ।