“ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਤੇਰੀ ਆਤਮਾ ਨੂੰ ਸ਼ਾਂਤੀ ਮਿਲੇ। ਤੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਸੋਹਣੇ ਪਲ ਮਾਣ ਨਾਲ ਜੀਏ, ਅਤੇ ਅਸੀਂ ਤੈਨੂੰ ਹਰ ਸੰਭਵ ਤਰੀਕੇ ਨਾਲ ਮਾਣ ਦਿਲਾਵਾਂਗੇ।”
ਇਹ ਭਾਵੁਕ ਕਰਨ ਵਾਲੇ ਲਫ਼ਜ਼ ਲੈਫਟੀਨੈਂਟ ਵਿਨੈ ਨਰਵਾਲ ਦੀ ਪਤਨੀ ਹਿਮਾਂਸ਼ੀ ਵਲੋਂ ਕਹੇ ਗਏ, ਜਦੋਂ ਉਹ ਦਿੱਲੀ ਹਵਾਈ ਅੱਡੇ ‘ਤੇ ਆਪਣੇ ਪਤੀ ਦੇ ਤਾਬੂਤ ਨੂੰ ਜੱਫੀ ਪਾ ਕੇ ਅੰਤਿਮ ਵਿਦਾਈ ਦੇ ਰਹੀ ਸੀ। ਹੰਝੂਆਂ ਨਾਲ ਭਰੀਆਂ ਅੱਖਾਂ, ਕੰਬਦੇ ਹੱਥ ਅਤੇ ਤਿਰੰਗੇ ‘ਚ ਲਿਪਟਿਆ ਹੋਇਆ ਬਹਾਦਰ ਜਵਾਨ—ਇਹ ਨਜ਼ਾਰਾ ਦੇਖ ਕੇ ਹਰ ਕਿਸੇ ਦਾ ਦਿਲ ਹਿੱਲ ਗਿਆ।
16 ਅਪ੍ਰੈਲ ਨੂੰ ਵਿਆਹ ਹੋਇਆ ਸੀ। ਖੁਸ਼ੀ ਨਾਲ ਭਰਿਆ ਇਹ ਜੋੜਾ ਪਹਿਲਗਾਮ ਦੀ ਵਾਦੀਆਂ ਵਿੱਚ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਰਿਹਾ ਸੀ। ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਇੱਕ ਅੱਤਵਾਦੀ ਹਮਲਾ ਉਹਨਾਂ ਦੀਆਂ ਖੁਸ਼ੀਆਂ ਨੁੰ ਤਬਾਹ ਕਰ ਦੇਵੇਗਾ।
22 ਅਪ੍ਰੈਲ, ਸੋਮਵਾਰ ਨੂੰ ਲੈਫਟੀਨੈਂਟ ਵਿਨੈ ਨਰਵਾਲ ਨੂੰ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ, ਜਿੱਥੇ ਉਹ ਆਪਣੀ ਪਤਨੀ ਦੇ ਨਾਲ ਮੌਜੂਦ ਸਨ, ਉਨ੍ਹਾਂ ਦਾ ਨਾਮ ਪੁੱਛ ਕੇ ਸਿਰ ‘ਚ ਗੋਲੀ ਮਾਰ ਦਿੱਤੀ ਗਈ। ਇਹ ਹਮਲਾ ਹਿਮਾਂਸ਼ੀ ਦੇ ਸਾਹਮਣੇ ਹੀ ਹੋਇਆ।
23 ਅਪ੍ਰੈਲ ਨੂੰ ਉਨ੍ਹਾਂ ਦੀ ਦੇਹ ਨੂੰ ਦਿੱਲੀ ਰਾਹੀਂ ਕਰਨਾਲ ਲਿਆਇਆ ਗਿਆ, ਜਿੱਥੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਲੈਫਟੀਨੈਂਟ ਦੀ ਅੰਤਿਮ ਯਾਤਰਾ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਲੋਕਾਂ ਨੇ “ਵਿਨੈ ਨਰਵਾਲ ਅਮਰ ਰਹੇ” ਅਤੇ “ਪਾਕਿਸਤਾਨ ਮੁਰਦਾਬਾਦ” ਦੇ ਨਾਅਰੇ ਲਾਏ। ਉਨ੍ਹਾਂ ਦੀ ਭੈਣ ਸ੍ਰਿਸ਼ਟੀ ਅਤੇ ਚਚੇਰੇ ਭਰਾ ਵਲੋਂ ਉਨ੍ਹਾਂ ਨੂੰ ਅਗਨੀ ਦਿੱਤੀ ਤੇ ਸ੍ਰਿਸ਼ਟੀ ਨੇ ਆਪਣੇ ਭਰਾ ਦੀ ਅਰਥੀ ਨੂੰ ਮੋਢਾ ਵੀ ਦਿੱਤਾ।
CM ਨਾਇਬ ਸੈਣੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਸ਼ਯੰਤ ਚੌਟਾਲਾ ਵੀ ਸ਼ਰਧਾਂਜਲੀ ਦੇਣ ਪਹੁੰਚੇ। ਪੂਰੇ ਕਰਨਾਲ ‘ਚ ਸੋਗ ਦੀ ਲਹਿਰ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।