ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅੱਜ ਸ੍ਰੀ ਦਰਬਾਰ ਸਾਹਿਬ ‘ਚ ਨਤਮਸਤਕ ਹੋਏ ਅਤੇ ਵਾਹਿਗੁਰੂ ਦਾ ਆਸ਼ੀਰਵਾਦ ਹਾਸਲ ਕੀਤਾ। ਸਿੱਧੂ ਨੇ ਕਾਂਗਰਸ ਦੇ 60 ਤੋਂ ਵੱਧ ਵਿਧਾਇਕਾਂ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰੀ।
https://www.facebook.com/sherryontopp/videos/3036014110002840/?app=fbl
ਸ੍ਰੀ ਦਰਬਾਰ ਸਾਹਿਬ ਪਹੁੰਚਦਿਆਂ ਹੀ ਸਿੱਧੂ ਤੇ ਵਿਧਾਇਕਾਂ ਨੇ ‘ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰੇ ਲਾਏ।
ਸਿੱਧੂ ਅੱਜ ਵੀ ਉਸੇ ਤਰ੍ਹਾਂ ਜੋਸ਼ ਵਿੱਚ ਲਬਰੇਜ਼ ਦਿਖੇ ਜਿੰਨੇ ਉਹ ਪ੍ਰਧਾਨ ਬਣਾਏ ਜਾਣ ਵਾਲੇ ਦਿਨ ਸਨ। ਸਿੱਧੂ ਦੇ ਇਸ ਜੋਸ਼ ਪਿੱਛੇ ਕਾਰਨ ਹੈ ਕਿ ਉਨ੍ਹਾਂ ਦੀ ਹਮਾਇਤ ਵਿੱਚ ਕਾਂਗਰਸ ਦੇ ਕਰੀਬ 62 ਵਿਧਾਇਕ ਆ ਡਟੇ ਹਨ। ਸਿੱਧੂ ਦੇ ਲਈ ਅੱਜ ਦਾ ਦਿਨ ਸ਼ਕਤੀ ਪ੍ਰਦਰਸ਼ਨ ਦਾ ਰਿਹਾ। ਉਹ ਹਾਈਕਮਾਂਡ ਨੂੰ ਫਿਲਹਾਲ ਇਹ ਸੁਨੇਹਾ ਦੇਣ ਵਿੱਚ ਸਫ਼ਲ ਹੋਏ ਹਨ ਕਿ ਕਾਂਗਰਸ ਨੇ ਉਹਨਾਂ ਉੱਤੇ ਦਾਅ ਖੇਡ ਕੇ ਕੋਈ ਗਲਤੀ ਨਹੀਂ ਕੀਤੀ।
ਅੱਜ ਵੀ ਪਿਛਲੇ ਦਿਨਾਂ ਵਾਂਗ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਸਿੱਧੂ ਦੇ ਨਾਲ ਨਾਲ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਸਿੱਧੂ ਦੀ ਪ੍ਰਧਾਨਗੀ ਦੇ ਐਲਾਨ ਤੋਂ ਪਹਿਲਾਂ ਹੀ ਵੜਿੰਗ ਅਤੇ ਕੁਲਬੀਰ ਸਿੰਘ ਜ਼ੀਰਾ ਉਨ੍ਹਾਂ ਦੀ ਹਮਾਇਤ ਵਿੱਚ ਖੁਲ੍ਹ ਕੇ ਆ ਖੜੇ ਸਨ ਅਤੇ ਉਹ ਸ਼ਨੀਵਾਰ ਤੋਂ ਹੀ ਸਿੱਧੂ ਦੇ ਨਾਲ ਪਰਛਾਵੇ ਦੀ ਤਰ੍ਹਾਂ ਲੱਗੇ ਹੋਏ ਹਨ। ਕਾਂਗਰਸੀ ਵਿਧਾਇਕਾਂ ਵਿੱਚ ਇਸ ਤਿਕੜੀ ਦੀ ਚਰਚਾ ਵੀ ਲਗਾਤਾਰ ਹੋ ਰਹੀ ਹੈ।
ਉਧਰ ਗੋਲਡਨ ਗੇਟ ‘ਤੇ ਸਿੱਧੂ ਦਾ ਸ਼ਾਨਦਾਰ ਸਵਾਗਤ ਹੋਇਆ। ਕਾਂਗਰਸੀ ਵਰਕਰਾਂ ਨੇ ‘ਆ ਗਿਆ ਸਿੱਧੂ-ਛਾ ਗਿਆ ਸਿੱਧੂ’, ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’, ‘ਕਾਂਗਰਸ ਪਾਰਟੀ ਜ਼ਿੰਦਾਬਾਦ’ ਦੇ ਨਾਅਰੇ ਲਾਏ । ਕਰੀਬ ਇੱਕ ਘੰਟਾ ਦੇ ਸਵਾਗਤੀ ਸਮਾਗਮ ‘ਚ ਸਿੱਧੂ ਤੇ ਉਨ੍ਹਾਂ ਦੇ ਸਮਰਥਕਾਂ ਨੇ ਪੂਰੀ ਤਾਕਤ ਦਿਖਾਈ।