ਨਵਜੋਤ ਸਿੰਘ ਸਿੱਧੂ ਤੇ ਕੁਲਜੀਤ ਸਿੰਘ ਨਾਗਰਾ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ

TeamGlobalPunjab
4 Min Read

ਫ਼ਤਹਿਗੜ੍ਹ ਸਾਹਿਬ : “ਬਹੁਤ ਲੰਮੇ ਵਕਫ਼ੇ ਬਾਅਦ ਕੋਈ ਮਾਂ ਕਿਸੇ ਯੁਗਪੁਰਸ਼ ਨੂੰ ਜਨਮ ਦਿੰਦੀ ਹੈ, ਜਿਹੜਾ ਸੰਸਥਾ ਸਰੂਪ ਹੋ ਕੇ ਕੌਮ ਨੂੰ ਤੇ ਮਾਨਵਤਾ ਨੂੰ ਸੇਧ ਦਿੰਦਾ ਹੈ।ਇਸੇ ਤਰ੍ਹਾਂ ਦੇ ਯੁਗਪੁਰਸ਼ ਸ਼ਹੀਦ ਊਧਮ ਸਿੰਘ ਦੀ ਵਿਚਾਰਧਾਰਕ ਸੇਧ ਰੂਪੀ ਬਿਜਲੀਆਂ ਜਦੋਂ ਅਸੀਂ ਅਸਮਾਨ ਵਿੱਚ ਚਮਕਦੀਆਂ ਵੇਖਦੇ ਹਾਂ ਤਾਂ ਸਾਨੂੰ ਜੱਲ੍ਹਿਆਂਵਾਲਾ ਬਾਗ਼ ਯਾਦ ਆਉਂਦਾ ਹੈ, ਜਿੱਥੇ ਅਗਰੇਜ਼ ਹਕੂਮਤ ਵੱਲੋਂ ਕੀਤੇ ਜ਼ੁਲਮਾਂ ਨੇ ਸਾਰੇ ਦੇਸ਼ ਦੇ ਲੋਕਾਂ ਨੂੰ ਵਲੂੰਧਰ ਕੇ ਰੱਖ ਦਿੱਤਾ ਪਰ ਸਾਰਾ ਦੇਸ਼ ਇਕਜੁੱਟ ਹੋ ਗਿਆ ਸੀ ਤੇ ਅਨੇਕਤਾ ਵਿੱਚ ਏਕਤਾ ਦਾ ਸਿਧਾਂਤ ਅਮਲੀ ਰੂਪ ਵਿੱਚ ਪ੍ਰਗਟ ਹੋਇਆ ਸੀ।”

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਰੋਜ਼ਾ ਸ਼ਰੀਫ ਦੇ ਨਾਲ ਬਣੇ ਸ਼ਹੀਦ ਊਧਮ ਸਿੰਘ ਉਰਫ਼ ਰਾਮ ਮੁਹੰਮਦ ਆਜ਼ਾਦ ਦੇ ਸਮਾਰਕ ਵਿਖੇ ਕਰਵਾਏ ਸਮਾਗਮ ਮੌਕੇ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਟ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ।

 

 

ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸੋਚ ਕਿ ਜ਼ੁਲਮ ਕਰਨਾ ਵੀ ਪਾਪ ਤੇ ਜ਼ੁਲਮ ਸਹਿਣਾ ਵੀ ਪਾਪ ਤੋਂ ਸੇਧ ਲੈ ਕੇ ਸ਼ਹੀਦ ਊਧਮ ਸਿੰਘ ਨੇ ਜੱਲ੍ਹਿਆਂਵਾਲੇ ਬਾਗ਼ ਵਿੱਚ ਜ਼ੁਲਮ ਕਰਨ ਵਾਲਿਆਂ ਦਾ ਖਾਤਮਾ ਕੀਤਾ ਤੇ ਸੁਨੇਹਾ ਦਿੱਤਾ ਕਿ ਅਸੀਂ ਜ਼ੁਲਮ ਦੇ ਖ਼ਿਲਾਫ਼ ਕਦੇ ਝੁਕਦੇ ਨਹੀਂ। ਸ਼ਹੀਦ ਊਧਮ ਸਿੰਘ ਨੇ ਆਪਣਾ ਨਾਮ ਵੀ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ਤੇ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਤੇ ਇਹੀ ਸਾਂਝੀਵਾਲਤਾ ਸਾਡੇ ਦੇਸ਼ ਦੇ ਸੰਵਿਧਾਨ ਦੀ ਭਾਵਨਾ ਵੀ ਹੈ।

ਸ਼ਹੀਦ ਊਧਮ ਸਿੰਘ ਦੀ ਭਾਵਨਾ ਦੇ ਮੱਦੇਨਜ਼ਰ ਉਨ੍ਹਾਂ ਦੀ ਸ਼ਹਾਦਤ ਤੋਂ ਕਰੀਬ 27 ਸਾਲ ਬਾਅਦ 1974 ਵਿੱਚ ਉਨ੍ਹਾਂ ਦੀਆਂ ਅਸਥੀਆਂ ਇੰਗਲੈਂਡ ਤੋਂ ਵਾਪਸ ਲਿਆਂਦੀਆਂ ਗਈਆਂ, ਜਿਨ੍ਹਾਂ ਦਾ ਇੱਕ ਹਿੱਸਾ ਸੁਨਹਿਰੀ ਕਲਸ਼ ਵਿੱਚ ਪਾ ਕੇ ਜੁਲਾਈ 1974 ਵਿੱਚ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਦਫ਼ਨਾਇਆ ਗਿਆ, ਜਿੱਥੇ ਅੱਜ ਇਹ ਸ਼ਹੀਦੀ ਸਮਾਰਕ ਬਣਿਆ ਹੋਇਆ ਹੈ।

ਸ਼ਹੀਦ ਦਾ ਨਾਮ ਸਾਰੇ ਧਰਮਾਂ ਦਾ ਸਨਮਾਨ ਕਰਦਾ ਸੀ, ਪੰਜਾਬੀਅਤ ਦਾ ਮੁੱਢ ਬੰਨ੍ਹਦਾ ਸੀ ਅਤੇ ਸੰਕੇਤ ਦਿੰਦਾ ਸੀ ਕਿ ਅਸੀਂ ਸਾਰੇ ਇੱਕ ਹਾਂ ਤੇ ਸਾਡਾ ਸੰਵਿਧਾਨ ਵੀ ਅਨੇਕਾ ਵਿੱਚ ਏਕਤਾ ਦੀ ਗੱਲ ਕਰਦਾ ਹੈ। ਭਾਵੇਂ ਧਰਮ ਵੱਖਰੇ ਹੋਣ, ਬੋਲੀਆਂ ਵੱਖ ਹੋਣ ਤੇ ਸੱਭਿਆਚਾਰ ਵੱਖ ਹੋਣ ਪਰ ਅਸੀਂ ਸਾਰੇ ਪਰਿਵਾਰਕ ਏਕਤਾ ਦੇ ਵਿੱਚ ਹਾਂ ਤੇ ਅੱਜ ਕੁਝ ਵੀ ਅੱਡ-ਅੱਡ ਨਹੀਂ ਤੇ ਸਾਰਾ ਪੰਜਾਬ ਇੱਕ ਹੋ ਕੇ ਸ਼ਹੀਦ ਦੀ ਯਾਦ ਨਾਲ ਜੁੜਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਦੇ ਲੇਖੇ ਲਾਉਣਾ ਚਾਹੀਦਾ ਹੈ।

ਇਸ ਮੌਕੇ ਉਨ੍ਹਾਂ ਨੇ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ, ਹਲਕਾ ਬਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਨਾਲ ਲੈ ਕੇ ਰੋਜ਼ਾ ਸ਼ਰੀਫ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ, ਮਾਤਾ ਚਕਰੇਸ਼ਵਰੀ ਦੇਵੀ ਜੈਨ ਮੰਦਿਰ ਤੇ ਮਾਤਾ ਨੈਣਾ ਦੇਵੀ ਮੰਦਰ ਵਿਖੇ ਮੱਥਾ ਵੀ ਟੇਕਿਆ।

ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਧਰਮਪਤਨੀ ਮਨਦੀਪ ਕੌਰ ਨਾਗਰਾ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੁਭਾਸ਼ ਸੂਦ, ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਜ਼ਿਲ੍ਹਾ ਪੁਲੀਸ ਮੁਖੀ ਅਮਨੀਤ ਕੌਂਡਲ, ਪਿੰਡਾਂ ਦੇ ਪੰਚ ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਅਹੁਦੇਦਾਰ, ਨਗਰ ਕੌਂਸਲਾਂ ਦੇ ਪ੍ਰਧਾਨ ਤੇ ਕੌਂਸਲਰਾਂ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Share This Article
Leave a Comment